ਰਾਕੇਸ਼ ਗਾਂਧੀ, ਜਲੰਧਰ : ਸਕੂਲ ਵਿਚ ਸਾਥੀ ਅਧਿਆਪਕਾ ਰਹਿ ਚੁੱਕੀ ਸ਼ਿਵ ਸੈਨਾ ਮਹਿਲਾ ਆਗੂ 'ਤੇ ਉਸ ਦੇ ਨਾਲ ਸਕੂਲ ਵਿਚ ਪੜ੍ਹਾਉਣ ਵਾਲੀ ਇਕ ਸੇਵਾ ਮੁਕਤ ਅਧਿਆਪਕਾ ਨੇ ਉਸ ਨਾਲ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ।

ਪ੍ਰਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੂਨਮ ਸਹਿਗਲ ਵਾਸੀ ਕਿ੍ਸ਼ਨ ਨਗਰ ਜਲੰਧਰ ਹਾਲ ਵਾਸੀ ਗ੍ਰੀਨ ਐਵੇਨਿਊ ਰਾਜਾ ਗਾਰਡਨ ਬਸਤੀ ਬਾਵਾ ਖੇਲ ਨੇ ਦੱਸਿਆ ਕਿ ਉਹ ਇਕ ਸਕੂਲ ਵਿੱਚ ਪੜ੍ਹਾਉਂਦੀ ਸੀ ਅਤੇ ਉਸ ਦੇ ਨਾਲ ਅਰਚਨਾ ਜੈਨ ਪਤਨੀ ਵਿਕਰਮਜੀਤ ਵਾਸੀ ਜਲੰਧਰ ਕੁੰਜ ਵੀ ਮਿਊਜ਼ਿਕ ਟੀਚਰ ਸੀ। ਉਹ 7 ਸਾਲ ਪਹਿਲਾਂ ਸਕੂਲ 'ਚੋਂ ਸੇਵਾ ਮੁਕਤ ਹੋ ਗਈ। ਉਸ ਤੋਂ ਬਾਅਦ ਉਹ ਅਰਚਨਾ ਜੈਨ ਨੂੰ ਕਾਫੀ ਸਮਾਂ ਨਹੀਂ ਮਿਲੀ। ਤਕਰੀਬਨ ਤਿੰਨ ਸਾਲ ਪਹਿਲਾਂ ਅਰਚਨਾ ਜੈਨ ਉਸ ਨੂੰ ਅਚਾਨਕ ਮਿਲ ਗਈ ਤੇ ਕਹਿਣ ਲੱਗੀ ਕਿ ਹੁਣ ਉਹ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੀ ਹੈ ਤੇ ਉਸ ਕੋਲ ਕੈਨੇਡਾ ਦਾ ਵਰਕ ਪਰਮਿਟ ਵੀ ਹੈ ਜਿਸ ਦਾ ਖਰਚਾ ਤਕਰੀਬਨ ਵੀਹ ਲੱਖ ਰੁਪਏ ਲੱਗਦਾ ਹੈ। ਪੀੜਤ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਚੇਤੰਨਿਆ ਨੂੰ ਵਿਦੇਸ਼ ਭੇਜਣ ਲਈ ਅਰਚਨਾ ਨੂੰ ਸਾਢੇ ਤਿੰਨ ਲੱਖ ਰੁਪਏ ਤੇ ਪੁੱਤਰ ਦਾ ਪਾਸਪੋਰਟ ਤੇ ਆਪਣਾ ਆਧਾਰ ਕਾਰਡ ਵੀ ਦਿੱਤਾ। ਪਰ ਅਰਚਨਾ ਨੇ ਨਾ ਤਾਂ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਜਦੋਂ ਵੀ ਪੈਸੇ ਮੰਗੇ ਜਾਂਦੇ ਤਾਂ ਉਹ ਧਮਕੀਆਂ ਦੇਣ ਲੱਗ ਜਾਂਦੀ ਕਿ ਉਸ ਦੀ ਪਹੁੰਚ ਬਹੁਤ ਵੱਡੇ ਲੋਕਾਂ ਨਾਲ ਹੈ। ਇਸ ਤੋਂ ਬਾਅਦ ਅਰਚਨਾ ਨੇ ਉਸ ਨਾਲ ਇਕ ਹੋਰ ਠੱਗੀ ਕੀਤੀ ਤੇ ਉਸ ਦੇ ਦਸਤਾਵੇਜ਼ਾਂ ਉਪਰ ਕਿਸੇ ਜਾਅਲੀ ਪੂਨਮ ਸਹਿਗਲ ਦੇ ਨਾਂ 'ਤੇ ਮਾਡਲ ਟਾਊਨ ਦੀ ਇੱਕ ਦੁਕਾਨ ਤੋਂ ਮੋਬਾਈਲ ਫਾਇਨਾਂਸ ਕਰਵਾ ਲਿਆ ਜਿਸ ਦੀ ਕਿਸ਼ਤ ਵੀ ਉਸ ਦੇ ਖਾਤੇ 'ਚੋਂ ਕੱਟੀ ਗਈ ਹੈ। ਉਹ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਅਰਚਨਾ ਜੈਨ ਕੋਲ ਗਈ ਤਾਂ ਉਸ ਨੇ ਉਸ ਨੂੰ ਇੱਕ ਲੱਖ ਪੰਜ ਹਜ਼ਾਰ ਰੁਪਏ ਦਾ ਚੈੱਕ ਦੇ ਦਿੱਤਾ ਪਰ ਉਹ ਵੀ ਦੋ ਵਾਰ ਬੈਂਕ ਵਿਚ ਲਗਾਉਣ 'ਤੇ ਬਾਊਂਸ ਹੋ ਗਿਆ। ਪੂਨਮ ਸਹਿਗਲ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਉਸ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਜਿਨ੍ਹਾਂ ਨੇ ਇਸ ਦੀ ਜਾਂਚ ਏਸੀਪੀ ਨੂੰ ਸੌਂਪੀ। ਪਰ ਕਾਫੀ ਸਮੇਂ ਤੱਕ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ ਅਤੇ ਅਰਚਨਾ ਜੈਨ ਉਸ ਨੂੰ ਲਗਾਤਾਰ ਧਮਕੀਆਂ ਦੇ ਰਹੀ ਹੈ ਉਸ ਨੇ ਮੰਗ ਕੀਤੀ ਹੈ ਕਿ ਅਰਚਨਾ ਜੈਨ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਿਵਾਇਆ ਜਾਵੇ।

ਮੇਰੇ 'ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ : ਅਰਚਨਾ ਜੈਨ

ਜਦ ਇਸ ਬਾਰੇ ਅਰਚਨਾ ਜੈਨ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਪੂਨਮ ਸਹਿਗਲ ਕੋਲੋਂ ਇੱਕ ਲੱਖ ਪੰਜ ਹਜ਼ਾਰ ਰੁਪਏ ਲਏ ਸਨ ਉਹ ਵੀ ਸਿਰਫ਼ ਦੋਸਤੀ ਕਰਕੇ। ਉਸ ਨੇ ਨਾ ਤਾਂ ਉਸ ਦੇ ਪੁੱਤਰ ਨੂੰ ਬਾਹਰ ਭੇਜਣ ਦਾ ਝਾਂਸਾ ਦਿੱਤਾ ਸੀ ਅਤੇ ਨਾ ਹੀ ਅਜਿਹੀ ਕੋਈ ਗੱਲ ਹੋਈ ਸੀ। ਜਿਹੜੇ ਪੈਸੇ ਉਸ ਕੋਲੋਂ ਲਏ ਸਨ ਉਸ ਦਾ ਉਸ ਨੇ ਚੈੱਕ ਜ਼ਰੂਰ ਦਿੱਤਾ ਸੀ ਪਰ ਚੈੱਕ ਬਾਉਂਸ ਇਸ ਲਈ ਹੋਇਆ ਸੀ ਕਿਉਂਕਿ ਚੈੱਕ ਉਸ ਨੇ ਸਮੇਂ ਤੋਂ ਬਾਅਦ ਬੈਂਕ 'ਚ ਲਾਇਆ ਸੀ। ਬਾਅਦ ਵਿਚ ਪੂਨਮ ਸਹਿਗਲ ਨੂੰ ਉਸ ਨੇ ਤਿੰਨ ਕਿਸ਼ਤਾਂ ਵਿੱਚ ਪੈਸੇ ਵਾਪਸ ਕਰ ਦਿੱਤੇ ਸਨ ਜਿਸ ਦਾ ਉਸ ਕੋਲ ਸਾਰਾ ਰਿਕਾਰਡ ਹੈ। ਉਸ ਨੇ ਕਿਹਾ ਕਿ ਪੂਨਮ ਸਹਿਗਲ ਕਿਸੇ ਦੇ ਬਹਿਕਾਵੇ ਵਿਚ ਆ ਕੇ ਉਸ ਨੂੰ ਬਦਨਾਮ ਕਰ ਰਹੀ ਹੈ ਜਿਸ ਕਾਰਨ ਉਹ ਉਸ ਉਪਰ ਮਾਨ ਹਾਨੀ ਦਾ ਕੇਸ ਵੀ ਕਰੇਗੀ।