ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰਬਰ ਦੋ ਦੀ ਹੱਦ 'ਚ ਪੈਂਦੇ ਚੰਦਨ ਨਗਰ ਸੋਢਲ ਰੋਡ 'ਤੇ ਸਥਿਤ ਇਕ ਬੈਂਕ ਦੇ ਬਾਹਰ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਆਏ ਨੌਜਵਾਨ ਕੋਲੋਂ ਤਿੰਨ ਠੱਗਾਂ ਨੇ ਪੈਸੇ ਡਬਲ ਕਰਨ ਦਾ ਝਾਂਸਾ ਦੇ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਮੋਬਾਈਲ ਲੁੱਟ ਲਿਆ ਤੇ ਉਸ ਨੂੰ ਕਾਗਜਾਂ ਦੀਆਂ ਥੱਦੀਆਂ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਰਾਹੁਲ ਵਾਸੀ ਹਰਗੋਬਿੰਦ ਨਗਰ ਚੰਦਨ ਨਗਰ ਵਿੱਚ ਪੈਂਦੇ ਯੂਨੀਅਨ ਬੈਂਕ ਆਫ਼ ਇੰਡੀਆ ਦੀ ਬ੍ਾਂਚ ਵਿਚ 70 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ ਗਿਆ ਸੀ। ਹਾਲੇ ਉਹ ਬੈਂਕ ਦੇ ਬਾਹਰ ਪਹੁੰਚਿਆ ਸੀ ਕਿ ਉਸ ਨੂੰ ਤਿੰਨ ਨੌਜਵਾਨ ਮਿਲੇ ਅਤੇ ਉਨ੍ਹਾਂ ਨੇ ਉਸ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਕੋਲ ਤਿੰਨ ਲੱਖ ਰੁਪਏ ਹਨ ਜਿਹੜੇ ਉਨ੍ਹਾਂ ਨੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਇਕੱਠੇ ਕੀਤੇ ਹਨ ਜੇਕਰ ਉਹ ਵੀ ਉਨ੍ਹਾਂ ਨਾਲ ਮਿਲ ਜਾਵੇ ਤਾਂ ਉਸ ਦੇ ਪੈਸੇ ਮਿੰਟਾਂ ਵਿੱਚ ਹੀ ਡਬਲ ਹੋ ਜਾਣਗੇ। ਉਨ੍ਹਾਂ ਨੌਜਵਾਨਾਂ ਨੇ ਪੀੜਤ ਕੋਲੋਂ ਰੁਪਏ ਲੈ ਲਏ ਅਤੇ ਇਕ ਰੁਮਾਲ ਜਿਸ ਵਿਚ ਕੁੱਝ ਬੰਨਿ੍ਹਆ ਹੋਇਆ ਸੀ, ਉਸ ਨੂੰ ਦੇ ਦਿੱਤਾ। ਜਿਸ ਨੌਜਵਾਨ ਨੂੰ ਉਸ ਨੇ ਆਪਣੇ ਰੁਪਏ ਫੜਾਏ, ਉਹ ਪੈਸੇ ਲੈ ਕੇ ਫੋਨ 'ਤੇ ਗੱਲ ਕਰਦਾ ਕਰਦਾ ਉੱਥੋਂ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਉਸ ਦੇ ਸਾਥੀਆਂ ਨੇ ਕਿਹਾ ਕਿ ਆਪਣਾ ਮੋਬਾਈਲ ਦੇ ਤਾਂ ਅਸੀਂ ਆਪਣੇ ਬਾਸ ਨੂੰ ਇੱਥੇ ਬੁਲਾਈਏ ਜਿਹੜਾ ਆਉਂਦਿਆਂ ਹੀ ਤੇਰੇ ਹੱਥ 'ਚ ਫੜੇ ਪੈਸੇ ਡਬਲ ਕਰ ਦੇਵੇਗਾ। ਜਦ ਰਾਹੁਲ ਨੇ ਆਪਣਾ ਮੋਬਾਈਲ ਉਨ੍ਹਾਂ ਨੂੰ ਦਿੱਤਾ ਤਾਂ ਉਹ ਮੋਬਾਈਲ ਲੈ ਕੇ ਉੱਥੇ ਖਿਸਕ ਗਏ। ਜਦ ਕਾਫੀ ਦੇਰ ਤਕ ਉਹ ਨੌਜਵਾਨ ਵਾਪਸ ਨਹੀਂ ਪਰਤੇ ਤਾਂ ਰਾਹੁਲ ਨੇ ਰੁਮਾਲ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਕਾਗਜ਼ ਦੀਆਂ ਥੱਦੀਆਂ ਸਨ। ਇਸ ਦੀ ਸੂਚਨਾ ਉਸ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਤਾਂ ਥਾਣਾ ਨੰਬਰ 2 ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਵਿਚ ਜੁਟ ਗਈ।