ਮਨਜੀਤ ਮੱਕੜ , ਗੁਰਾਇਆ : ਗੁਰਾਇਆ ਦੇ ਇਲਾਕੇ 'ਚ ਲੁੱਟ ਦੀਆਂ ਵਾਰਦਾਤਾਂ 'ਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਸਥਾਨਕ ਚੌਕ ਵਿੱਚ ਪੁਲਿਸ ਫੋਰਸ ਤਾਇਨਾਤ ਹੋਣ ਦੇ ਬਾਵਜੂਦ ਵੀ ਪੁਲਿਸ ਨਾਕੇ ਤੋਂ ਕੁਝ ਹੀ ਦੂਰੀ 'ਤੇ ਰੁੜਕਾ ਰੋਡ 'ਤੇ ਭੀੜ ਭਰੇ ਬਾਜ਼ਾਰ 'ਚ ਇਕ ਮੋਟਰ ਸਾਈਕਲ ਸਵਾਰ ਲੁਟੇਰਾ ਰਾਹ ਜਾਂਦੀ ਇਕ ਲੜਕੀ ਦੇ ਕੋਲੋਂ ਪਰਸ ਖਿੱਚ ਕੇ ਫਰਾਰ ਹੋ ਗਿਆ। ਇਸ ਸੰਬੰਧੀ ਲੜਕੀ ਜਸਪ੍ਰਰੀਤ ਕੌਰ ਵਾਸੀ ਗੁਰਾਇਆ ਨੇ ਦੱਸਿਆ ਕਿ ਉਹ ਅਪਣੀ ਮੰਮੀ ਦੇ ਨਾਲ ਬਾਜ਼ਾਰ ਵਿੱਚ ਸ਼ਾਪਿੰਗ ਕਰਕੇ ਵਾਪਸ ਘਰ ਜਾ ਰਹੀ ਸੀ। ਜਿਸ ਦੇ ਹੱਥ 'ਚ ਸਾਮਾਨ ਵਾਲਾ ਲਿਫਾਫਾ ਫੜਿਆ ਹੋਇਆ ਸੀ ਤੇ ਦੂਸਰੇ ਹੱਥ ਵਿੱਚ ਪਰਸ ਫੜਿਆ ਹੋਇਆ ਸੀ। ਫਾਟਕ ਵੱਲੋਂ ਇਕ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਲੜਕਾ ਆਇਆ ਜਿਸਨੇ ਬਾਜ਼ਾਰ 'ਚ ਉਸਦੇ ਹੱਥੋਂ ਪਰਸ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਪਰਸ ਨਹੀਂ ਛੱਡਿਆ ਸਗੋ ਲੁਟੇਰੇ ਦਾ ਮੁਕਾਬਲਾ ਕੀਤਾ। ਪਰ ਲੁਟੇਰਾ ਪਰਸ ਲੈ ਕੇ ਸਰਗੁੰਦੀ ਰੋਡ ਵੱਲ ਫਰਾਰ ਹੋਣ 'ਚ ਸਫਲ ਹੋ ਗਿਆ। ਪਰਸ 'ਚ ਨਕਦੀ, ਮੋਬਾਈਲ ਫੋਨ, ਏਟੀਐੱਮ ਕਾਰਡ ਤੇ ਕੁਝ ਜਰੂਰੀ ਕਾਗਜ਼ ਸਨ। ਇਸ ਸੰਬੰਧੀ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।