ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸੀਪੀਐੱਫ ਯੂਨੀਅਨ ਦੇ ਸੱਦੇ 'ਤੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਲੈ ਕੇ ਬੁੱਧਵਾਰ ਨੂੰ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਮੁਜ਼ਾਹਰਾਕਾਰੀ ਮੁਲਾਜ਼ਮ ਸਹਿਕਾਰਤਾ ਭਵਨ 'ਚ ਇਕੱਠੇ ਹੋਏ ਅਤੇ ਮੰਗਾਂ 'ਤੇ ਚਰਚਾ ਕੀਤੀ। ਮੁਲਾਜ਼ਮ ਸਾਥੀਆ ਨੂੰ ਸੰਬੋਧਨ ਕਰਦਿਆ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਕੈਬਨਿਟ 'ਚ ਮਨਜ਼ੂਰ ਕੀਤੇ ਜਾਣ ਦੇ ਬਾਵਜੂਦ ਇਸ ਯੋਜਨਾ ਨੂੰ ਲਾਗੂ ਕਰਨ 'ਚ ਨਾਂਹ-ਨੁੱਕਰ ਕੀਤੀ ਜਾ ਰਹੀ ਹੈ। ਇਸ ਕਾਰਨ ਮੁਲਾਜ਼ਮਾਂ 'ਚ ਰੋਸ ਵਧਦਾ ਜਾ ਰਿਹਾ ਹੈ। ਸਰਕਾਰ ਨੇ ਹਿਮਾਚਲ ਪ੍ਰਦੇਸ਼ ਦੀਆ ਚੋਣਾਂ ਦੌਰਾਨ ਆਪਣਾ ਅਕਸ ਵਧੀਆ ਬਣਾਉਣ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਐਲਾਨ ਕੀਤੇ ਜਾਣ ਤੋਂ ਬਾਅਦ ਕੈਬਨਿਟ 'ਚ ਪਾਸ ਕਰਵਾਇਆ ਸੀ। ਯੂਨੀਅਨ ਦੇ ਜਨਰਲ ਸਕੱਤਰ ਤੇਜਿੰਦਰ ਸਿੰਘ ਨੰਗਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਤਾਂ ਲੋਕ ਸਭਾ ਦੀ ਜ਼ਮਿਨੀ ਚੋਣ ਦਾ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ। ਇਸ ਉਪਰੰਤ ਯੂਨੀਅਨ ਦੇ ਮੈਂਬਰਾਂ ਨੇ ਸਹਿਕਾਰਤਾ ਭਵਨ ਤੋਂ ਲੈ ਕੇ ਡੀਸੀ ਦਫਤਰ ਤਕ ਮੋਟਰਸਾਈਕਲ ਰੈਲੀ ਕੱਢੀ ਅਤੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਬਾਹਰ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਮਨਦੀਪ ਸਿੰਘ, ਜ਼ੋਰਾਵਰ ਸਿੰਘ, ਪਿਆਰਾ ਸਿੰਘ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਸੁਭਾਸ਼ ਮੱਟੂ, ਪੁਸ਼ਪਿੰਦਰ ਸਿੰਘ, ਉਪ ਪ੍ਰਧਾਨ ਵੇਦ ਪ੍ਰਕਾਸ਼, ਕ੍ਰਿਪਾਲ ਸਿੰਘ, ਦਿਨੇਸ਼ ਕੁਮਾਰ, ਰਾਜੀਵ ਕੁੰਦਰਾ, ਮਾਨਵ ਕੁਮਾਰ, ਹਰਭਜਨ ਸਿੰਘ, ਇੰਦਰਦੀਪ ਕੋਹਲੀ, ਚਰਨਜੀਤ ਸਿੰਘ, ਦਵਿੰਦਰ ਕੁਮਾਰ ਭੱਟੀ, ਪਵਨ ਕੁਮਾਰ, ਰਵਿੰਦਰ ਕੁਮਾਰ, ਬਲਮੀਤ ਸਿੰਘ, ਹਰਕਮਲ ਸਿੰਘ, ਪਵਨ ਕੁਮਾਰ, ਗੁਰਪ੍ਰਰੀਤ ਸੰਧੂ ਅਤੇ ਹੋਰ ਹਾਜ਼ਰ ਸਨ।