ਜੇਐੱਨਐੱਨ, ਜਲੰਧਰ : ਕੋਵਿਡ-19 ਦੀ ਵਜ੍ਹਾ ਨਾਲ ਸਿੱਖਿਆ ਸੰਸਥਾਵਾਂ ਚਾਰ ਮਹੀਨੇ ਤੋਂ ਬੰਦ ਪਈਆਂ ਹਨ। ਅਧਿਆਪਕ ਆਨਲਾਈਨ ਸਿੱਖਿਆ ਦੇ ਰਹੇ ਹਨ ਤੇ ਬੱਚੇ ਘਰੋਂ ਹੀ ਪੜ੍ਹਾਈ ਕਰ ਰਹੇ ਹਨ। ਅਜਿਹੇ ਵਿਚ ਬਹੁਤ ਸਾਰੇ ਵਿਸ਼ਿਆਂ ਦੇ ਅਧਿਆਪਕ ਕੁਆਰੰਟਾਈਨ ਸੈਂਟਰ, ਹੈਲਪਲਾਈਨ ਸੈਂਟਰ, ਡੀਸੀ ਦਫ਼ਤਰ ਸਮੇਤ ਹੋਰ ਕਈ ਕੇਂਦਰਾਂ 'ਤੇ ਡਿਊਟੀ ਦੇ ਰਹੇ ਹਨ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ। ਇਸ ਲਈ ਐੱਸਸੀਈਆਰਟੀ ਵੱਲੋਂ ਸੂਬੇ ਭਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਕੇ ਅਧਿਆਪਕਾਂ ਦੀ ਡਿਊਟੀ ਨਾ ਲਾਉਣ ਲਈ ਕਿਹਾ ਹੈ।

ਇਨ੍ਹਾਂ ਹੁਕਮਾਂ ਅਨੁਸਾਰ, ਜੇਕਰ ਪ੍ਰਸ਼ਾਸਨ ਵੱਲੋਂ ਡਿਊਟੀ ਲਈ ਸਟਾਫ ਮੰਗਿਆ ਜਾਂਦਾ ਹੈ ਤਾਂ ਵੋਕੇਸ਼ਨਲ ਅਧਿਆਪਕ ਤੇ ਨਾਨ-ਟੀਚਿੰਗ ਸਟਾਫ ਦੀ ਹੀ ਡਿਊਟੀ ਲਗਾਈ ਜਾਵੇ ਤਾਂ ਜੋ ਵਿਸ਼ਿਆਂ ਦੇ ਅਧਿਆਪਕ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇ ਸਕਣ ਤੇ ਉਨ੍ਹਾਂ ਦੀ ਪੜ੍ਹਾਈ ਦਾ ਸਮਾਂ ਵੀ ਬਰਬਾਦ ਨਾ ਹੋਵੇ। ਇਸ ਲਈ ਇਨ੍ਹਾਂ ਹੁਕਮਾਂ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ।

ਅਧਿਆਪਕਾਂ ਦੀਆਂ ਸ਼ਿਕਾਇਤਾਂ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਫ਼ੈਸਲਾ

ਕੋਵਿਡ ਕੇਅਰ ਸੈਂਟਰਾਂ 'ਚ ਕਰੀਬ ਚਾਰ ਮਹੀਨੇ ਤੋਂ 300 ਅਧਿਆਪਕ ਆਪਣੀਆਂ ਸੇਵਾਵਾਂ ਦੇ ਰਹੇ ਹਨ। ਆਨਲਾਈਨ ਸਿੱਖਿਆ ਨਾ ਦੇ ਸਕਣ 'ਤੇ ਕੋਵਿਡ ਸੈਂਟਰਾਂ 'ਚ ਡਿਊਟੀ ਦੇਣ ਵਾਲੇ ਅਧਿਆਪਕਾਂ ਨੇ ਅਧਿਕਾਰੀਆਂ ਸਾਹਮਣੇ ਆਪਣੀ ਪਰੇਸ਼ਾਨੀ ਰੱਖੀ ਸੀ ਜਿਸ ਕਾਰਨ ਐੱਸਸੀਈਆਰਟੀ ਡਾਇਰੈਕਟਰ ਵੱਲੋਂ ਅਧਿਆਪਕਾਂ ਦੀ ਪਰੇਸ਼ਾਨੀ ਨੂੰ ਦੇਖਧੇ ਹੋਏ ਹੀ ਇਹ ਫ਼ੈਸਲਾ ਲਿਆ ਹੈ। ਸਿੱਖਿਆ ਅਧਿਕਾਰੀਆਂ ਨੂੰ ਕਿਹਾ ਹੈ ਕਿ ਵਿਭਾਗ ਦਾ ਆਨਲਾਈਨ ਸਿੱਖਿਆ ਤੇ ਅਸੈੱਸਮੈਂਟ ਸਰਵੇ ਦਾ ਕੰਮ ਪ੍ਰਭਾਵਿਤ ਨਾ ਹੋਵੇ, ਇਸ ਦੇ ਲਈ ਵਿਵਸਥਾ ਯਕੀਨੀ ਬਣਾਈ ਜਾਵੇ।

Posted By: Seema Anand