ਰਾਕੇਸ਼ ਗਾਂਧੀ, ਜਲੰਧਰ : ਥਾਣਾ ਰਾਮਾਮੰਡੀ ਦੀ ਪੁਲਿਸ ਨੇ ਰਾਮਾ ਮੰਡੀ ਵਿਚ ਸਥਿਤ ਇਕ ਐੱਨਆਰਆਈ ਦੇ ਪਲਾਟ 'ਤੇ ਕਬਜ਼ਾ ਕਰਨ ਦੇ ਦੋਸ਼ ਵਿਚ ਕੌਂਸਲਰ ਮਨਦੀਪ ਜੱਸਲ ਅਤੇ ਉਸ ਦੇ ਦੋ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਨਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਰਤਾਰਪੁਰ ਵਾਸੀ ਹਰਦੀਪ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਇੰਗਲੈਂਡ ਵਿਚ ਰਹਿਣ ਵਾਲੀ ਭੂਆ ਸੁਰਿੰਦਰ ਕੌਰ ਨੇ ਪਾਲ ਹਸਪਤਾਲ ਦੇ ਪਿੱਛੇ ਇਕ 10 ਮਰਲੇ ਦਾ ਪਲਾਟ ਖਰੀਦਿਆ ਸੀ। ਕੁਝ ਸਮਾਂ ਪਹਿਲਾਂ ਉਸ ਦੀ ਭੂਆ ਦੀ ਇੰਗਲੈਂਡ ਵਿਚ ਮੌਤ ਹੋ ਗਈ ਅਤੇ ਉਹ ਵੀ ਬਜ਼ੁਰਗ ਹੋਣ ਕਾਰਨ ਪਲਾਟ ਦੇਖਣ ਲਈ ਕਾਫੀ ਸਮਾਂ ਨਹੀਂ ਜਾ ਸਕਿਆ। ਕੁਝ ਦਿਨ ਪਹਿਲਾਂ ਉਹ ਗਿਆ ਤਾਂ ਦੇਖਿਆ ਕਿ ਪਲਾਟ ਦੀ ਚਾਰਦੀਵਾਰੀ ਹੋਈ ਸੀ ਅਤੇ ਉਸ ਦੇ ਗੇਟ ਲਗਾਉਣ ਦੀ ਤਿਆਰੀ ਚੱਲ ਰਹੀ ਸੀ। ਜਦ ਉਸ ਨੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਕੌਂਸਲਰ ਮਨਦੀਪ ਜੱਸਲ, ਆਸ਼ੂ ਵਾਸੀ ਕਾਕੀ ਪਿੰਡ ਅਤੇ ਜਸਵੰਤ ਸਿੰਘ ਬਾਂਗਲ ਵਾਸੀ ਜਲੰਧਰ ਨੇ ਉਸ ਪਲਾਟ 'ਤੇ ਚਾਰਦੀਵਾਰੀ ਕਰਵਾਈ ਅਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਪੁਲਿਸ ਨੇ ਹਰਦੀਪ ਸਿੰਘ ਦੇ ਬਿਆਨਾਂ 'ਤੇ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ।

ਇਸ ਬਾਰੇ ਕੌਂਸਲਰ ਮਨਦੀਪ ਜੱਸਲ ਨਾਲ ਗੱਲ ਕੀਤੀ ਗਈ ਉਨ੍ਹਾਂ ਨੇ ਪਲਾਟ 'ਤੇ ਕਬਜ਼ਾ ਕਰਨ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਦਾ ਵੀ ਪਲਾਟ ਐੱਨਆਰਆਈ ਦੇ ਪਲਾਟ ਦੇ ਨਾਲ ਹੈ, ਜਿੱਥੇ ਉਹ ਕੁਝ ਨਿਰਮਾਣ ਕਰ ਰਹੇ ਹਨ।