ਮਦਨ ਭਾਰਦਵਾਜ, ਜਲੰਧਰ : ਕੂੜੇ ਨੂੰ ਲੈ ਕੇ ਅਜੇ ਵੀ ਵਾਰਡਾਂ 'ਚ ਖਿੱਚੋਤਾਣ ਜਾਰੀ ਹੈ ਤੇ ਡੰਪ 'ਤੇ ਕੂੜਾ ਸੁੱਟਣ ਤੋਂ ਰੋਕਣ 'ਤੇ ਕੌਂਸਲਰਾਂ ਦੀ ਬਹਿਸ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਇਸ ਸਬੰਧੀ ਵਾਰਡ-40 ਦੇ ਭਾਜਪਾ ਕੌਂਸਲਰ ਵੀਰੇਸ਼ ਮਿੰਟੂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੇ ਵਾਰਡ ਦਾ ਕੂੜਾ ਡੰਪ 'ਤੇ ਸੁੱਟਣ ਤੋਂ ਰੋਕਿਆ ਗਿਆ ਤਾਂ ਉਹ ਘਾਹ ਮੰਡੀ ਚੌਕ 'ਚ ਵਾਰਡ ਦੇ ਲੋਕਾਂ ਨਾਲ ਧਰਨਾ ਦੇਣਗੇ। ਬਿਆਨ ਜਾਰੀ ਕਰ ਕੇ ਮਿੰਟੂ ਨੇ ਦੋਸ਼ ਲਾਇਆ ਹੈ ਕਿ ਵਾਰਡ-40 'ਚ ਦੁਸ਼ਹਿਰਾ ਗਰਾਊਂਡ 'ਚ ਬਣੇ ਕੂੜੇ ਦੇ ਡੰਪ 'ਤੇ 40 ਤੇ 41 ਵਾਰਡਾਂ ਦਾ ਕੂੜਾ ਸੁੱਟਣ ਨਹੀਂ ਦਿੱਤਾ ਗਿਆ ਤੇ ਰੇਹੜੇ ਨੂੰ ਕੌਂਸਲਰ ਦੇ ਘਰ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਨੂੰ ਹੈਰਾਨੀ ਹੋਈ ਤੇ ਅਜਿਹਾ ਕਰਨ ਨਾਲ ਦਿਓਲ ਨਗਰ ਤੇ ਨਿਊ ਦਿਓਲ ਨਗਰ, ਕਰਤਾਰ ਨਗਰ, ਨਿਊ ਕਰਤਾਰ ਨਗਰ, ਤਿਲਕ ਨਗਰ ਤੇ ਨਿਊ ਦਸ਼ਮੇਸ਼ ਨਗਰ ਦੇ ਘਰਾਂ 'ਚ ਕੂੜੇ ਦੇ ਢੇਰ ਲੱਗ ਗਏ ਹਨ। ਉਕਤ ਆਬਾਦੀਆਂ ਦੇ ਲੋਕਾਂ ਦੇ ਘਰਾਂ ਦਾ ਕੂੜਾ ਬਿਨਾਂ ਕਿਸੇ ਸੂਚਨਾ ਦੇ ਰੋਕੇ ਜਾਣ ਕਾਰਨ ਕਾਫੀ ਰੋਸ ਪਾਇਆ ਜਾ ਰਿਹਾ ਹੈ। ਮਿੰਟੂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਡੰਪ 'ਤੇ ਕੂੜਾ ਸੁੱਟਣ ਤੋਂ ਰੋਕਿਆ ਗਿਆ ਤਾਂ ਉਹ ਪਾਰਟੀ ਕੌਂਸਲਰਾਂ ਤੇ ਲੋਕਾਂ ਨਾਲ ਘਾਹ ਮੰਡੀ ਚੌਕ 'ਚ ਧਰਨਾ ਦੇਣਗੇ। ਜੇ ਕੂੜਾ ਇਸੇ ਤਰ੍ਹਾਂ ਘਰਾਂ ਤੇ ਬਾਹਰ ਪਿਆ ਰਿਹਾ ਤਾਂ ਬਿਮਾਰੀਆਂ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਇਸ ਦੀ ਜ਼ਿੰਮੇਵਾਰੀ ਨਗਰ ਨਿਗਮ ਪ੍ਰਸ਼ਾਸਨ 'ਤੇ ਹੋਵੇਗੀ।

ਡੰਪ ਖਾਲ੍ਹੀ ਹੋਣ 'ਤੇ ਕੂੜਾ ਸੁੱਟਣ ਨੂੰ ਕਿਹਾ ਸੀ : ਸਿਹਤ ਅਫਸਰ

ਇਸ ਦੌਰਾਨ ਨਗਰ ਨਿਗਮ ਦੇ ਸਿਹਤ ਅਫਸਰ ਡਾ. ਸ੍ਰੀਕ੍ਰਿਸ਼ਨ ਸ਼ਰਮਾ ਨੇ ਕਿਹਾ ਹੈ ਕਿ ਦੁਸ਼ਹਿਰਾ ਗਰਾਊਂਡ ਦੇ ਡੰਪ 'ਤੇ ਪਿਛਲੇ ਦਿਨਾਂ ਦਾ ਕਾਫੀ ਕੂੜਾ ਇਕੱਠਾ ਹੋਇਆ ਸੀ ਤੇ ਕੌਂਸਲਰ ਨੂੰ ਕਿਹਾ ਗਿਆ ਸੀ ਕਿ ਉਹ ਇਕ-ਦੋ ਦਿਨ ਕੂੜਾ ਨਾ ਸੁਟਵਾਉਣ ਪਰ ਉਨ੍ਹਾਂ ਨੇ ਗੱਲ ਨਹੀਂ ਮੰਨੀ। ਉਕਤ ਡੰਪ 'ਤੇ ਸਫਾਈ ਦਾ ਕੰਮ ਚੱਲ ਰਿਹਾ ਹੈ।