ਜੇਐੱਨਐੱਨ, ਜਲੰਧਰ : ਬੀਤੇ ਸ਼ਨਿਚਰਵਾਰ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਗਿ੍ਫ਼ਤਾਰ ਕੀਤੇ ਗਏ ਥਾਣਾ ਡਵੀਜ਼ਨ ਨੰਬਰ 6 ਦੇ ਰਿਸ਼ਵਤਖੋਰ ਏਐੱਸਆਈ ਨੂੰ ਵਿਜੀਲੈਂਸ ਨੇ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਇਕ ਦਿਨ ਦੇ ਰਿਮਾਂਡ 'ਤੇ ਲਿਆ ਹੈ। ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਗਿ੍ਫ਼ਤਾਰ ਏਐੱਸਆਈ ਕੋਲੋਂ ਪੁੱਛਗਿੱਛ ਕਰਨ 'ਚ ਲੱਗੀ ਹੋਈ ਹੈ। ਅਸਲ 'ਚ ਵਿਜੀਲੈਂਸ ਦੀ ਟੀਮ ਨੇ ਡਵੀਜ਼ਨ ਨੰਬਰ 6 'ਚ ਤਾਇਨਾਤ ਏਐੱਸਆਈ ਮਨਮੋਹਨ ਕ੍ਰਿਸ਼ਨ ਨੂੰ ਅਦਾਲਤ ਦੇ ਆਦੇਸ਼ ਤੋਂ ਬਾਅਦ ਵੀ ਪੀੜਤ ਤੋਂ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਫ਼ਤਾਰ ਕਰਦਿਆਂ ਮੁਲਜ਼ਮ ਖ਼ਿਲਾਫ਼ ਐਂਟੀ ਕਰੱਪਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਵਿਜੀਲੈਂਸ ਨੇ ਇਹ ਕਾਰਵਾਈ ਗੁਰਦਾਸਪੁਰ ਦੇ ਰਹਿਣ ਵਾਲੇ ਰੋਬਿਨ ਸ਼ਰਮਾ ਦੀ ਸ਼ਿਕਾਇਤ 'ਤੇ ਕੀਤੀ ਸੀ। ਵਿਜੀਲੈਂਸ ਨੇ ਕਾਰਵਾਈ ਦੌਰਾਨ ਗਿ੍ਫ਼ਤਾਰ ਏਐੱਸਆਈ ਮਨਮੋਹਨ ਕ੍ਰਿਸ਼ਨ ਨੂੰ ਬੀਤੇ ਸ਼ਨਿਚਰਵਾਰ ਨੂੰ ਹੀ ਸਸਪੈਂਡ ਕਰਦਿਆਂ ਉਸ ਖ਼ਿਲਾਫ਼ ਵਿਭਾਗੀ ਜਾਂਚ ਬਿਠਾ ਦਿੱਤੀ ਸੀ।

ਬੀਤੇ 11 ਦਿਨਾਂ ਤੋਂ ਵਿਜੀਲੈਂਸ ਨੇ ਰਿਸ਼ਵਤਖੋਰੀ ਦੇ ਮਾਮਲੇ 'ਚ ਕੁੱਲ 9 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ। ਜਿਨ੍ਹਾਂ 'ਚ ਪੰਜ ਪੁਲਿਸ ਮੁਲਾਜ਼ਮ, ਦੋ ਪਟਵਾਰੀ ਤੇ ਦੋ ਪ੍ਰਰਾਈਵੇਟ ਕਰਿੰਦੇ ਸ਼ਾਮਲ ਹਨ।