ਜਤਿੰਦਰ ਪੰਮੀ, ਜਲੰਧਰ : ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਨਹੀਂ ਰੁਕ ਰਿਹਾ ਹੈ। ਸ਼ਨਿਚਰਵਾਰ ਸਵੇਰੇ ਸਿਵਲ ਹਸਪਤਾਲ 'ਚ ਦੋ ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 25 ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਮ੍ਰਿਤਕਾਂ ਦੀ ਪਛਾਣ 45 ਸਾਲਾ ਪੁਰਸ਼ ਨਿਵਾਸੀ ਸੰਜੇ ਗਾਂਧੀ ਨਗਰ ਤੇ ਰਾਇਪੁਰ ਰਸੂਲਪੁਰ ਦਾ 52 ਸਾਲਾ ਪੁਰਸ਼ ਹੈ। ਇਸ ਤੋਂ ਇਲਾਵਾ 76 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਜ਼ਿਲ੍ਹੇ ਦਾ ਆਰਟੀਏ ਸਕੱਤਰ ਵੀ ਸ਼ਾਮਲ ਹੈ।

ਅੱਜ ਦਾ ਦਿਨ ਜ਼ਿਲ੍ਹਾ ਵਾਸੀਆਂ ਉੱਪਰ ਭਾਰੀ ਪੈ ਗਿਆ। ਸ਼ਨਿਚਰਵਾਰ ਆਈਆਂ ਰਿਪੋਰਟਾਂ 'ਚ ਜ਼ਿਲ੍ਹੇ ਦੇ 76 ਵਿਅਕਤੀਆਂ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ ਮਹਿਤਪੁਰ ਥਾਣੇ ਦੇ ਕਰੀਬ 18 ਮੁਲਾਜ਼ਮ ਸ਼ਾਮਲ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਮਹਾਮਾਰੀ ਨੇ ਅੱਜ ਜ਼ਿਲ੍ਹੇ ਦੇ ਕਈ ਕਸਬਿਆਂ ਤੇ ਪਿੰਡਾਂ 'ਚ ਮਾਰ ਕੀਤੀ ਹੈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 1177 ਹੋ ਗਈ ਹੈ। 14 ਕੇਸ ਥਾਣਾ ਮਹਿਤਪੁਰ ਦੇ ਹਨ ਜਿਨ੍ਹਾਂ ਵਿਚ 12 ਪੁਰਸ਼ ਤੇ 2 ਔਰਤ ਮੁਲਾਜ਼ਮ ਸ਼ਾਮਲ ਹਨ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਫ਼ੌਜ ਦੇ 17 ਜਵਾਨਾਂ ਸਮੇਤ 53 ਮਰੀਜ਼ ਇਨਫੈਕਟਿਡ ਮਿਲੇ ਸਨ। ਹਾਲਾਂਕਿ ਇਨ੍ਹਾਂ ਵਿਚੋਂ ਦੋ ਰਿਪੋਰਟਾਂ ਟਰੂਨੈੱਟ ਮਸ਼ੀਨ ਦੀਆਂ ਹਨ। ਬੀਤੇ ਦਿਨੀਂ ਸਰਾਏਖਾਸ 'ਚ ਪਹਿਲੀ ਵਾਰ ਸੀਆਰਪੀਐੱਫ ਦਾ ਜਵਾਨ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਇਲਾਵਾ ਜਲੰਧਰ ਦੇ ਰਹਿਣ ਵਾਲੇ ਦੋ ਮਰੀਜ਼ ਪੀਜੀਆਈ ਚੰਡੀਗੜ੍ਹ 'ਚ ਪਾਜ਼ੇਟਿਵ ਪਾਏ ਗਏ ਹਨ। ਅਵਤਾਰ ਨਗਰ ਤੇ ਅਮਰ ਨਗਰ 'ਚ ਕੋਰੋਨਾ ਨੇ ਦੁਬਾਰਾ ਦਸਤਕ ਦੇ ਕੇ 7 ਲੋਕਾਂ ਨੂੰ ਲਪੇਟ 'ਚ ਲਿਆ ਹੈ।

ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਨੇ ਅੱਜ ਜ਼ਿਲ੍ਹੇ ਦੇ ਆਰਟੀਏ ਸਕੱਤਰ ਨੂੰ ਵੀ ਆਪਣੀ ਗ੍ਰਿਫ਼ਤ 'ਚ ਲੈ ਲਿਆ ਹੈ। ਉਨ੍ਹਾਂ ਹੁਸ਼ਿਆਰਪੁਰ ਵਿਖੇ ਆਪਣੇ ਖ਼ੂਨ ਦਾ ਨਮੂਨਾ ਦਿੱਤਾ ਸੀ। ਅੱਜ ਆਈਆਂ ਰਿਪੋਰਟਾਂ 'ਚ ਉਨ੍ਹਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਵਰਨਣਯੋਗ ਹੈ ਕਿ ਜਲੰਧਰ ਦੇ ਆਰਟੀਏ ਸਕੱਤਰ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਹੋਈ ਪੀਸੀਐੱਸ ਅਧਿਕਾਰੀਆਂ ਦੀ ਮੀਟਿੰਗ 'ਚ ਸ਼ਾਮਲ ਹੋਏ ਸਨ, ਜਿਨ੍ਹਾਂ ਵਿਚੋਂ ਕੁਝ ਅਧਿਕਾਰੀਆਂ ਨੂੰ ਕੋਰੋਨਾ ਹੋਇਆ ਸੀ।

Posted By: Seema Anand