ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਕਾਰਨ ਘਰਾਂ 'ਚ ਆਈਸੋਲੇਸ਼ਨ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਘੱਟ ਹੋਣ ਲੱਗੀ ਹੈ। ਕੋਰੋਨਾ ਦਾ ਪਿਛਲੇ ਤਿੰਨ ਦਿਨਾਂ ਤੋਂ ਕੋਈ ਵੀ ਮਰੀਜ਼ ਨਾ ਤੋਂ ਬਾਅਦ ਬੁੱਧਵਾਰ ਨੂੰ ਦੋ ਨਵੇਂ ਮਾਮਲੇ ਆਏ। ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ 'ਚ ਕੋਰੋਨਾ ਦਾ ਇਲਾਜ ਕਰਵਾਉਣ ਲਈ ਕੋਈ ਵੀ ਮਰੀਜ਼ ਦਾਖਲ ਨਹੀਂ ਹੋਇਆ। ਬੁੱਧਵਾਰ ਨੂੰ ਸਰਕਾਰੀ ਛੁੱਟੀ ਦੇ ਚਲਦਿਆਂ ਵੈਕਸੀਨ ਦੀ ਡੋਜ਼ ਵੀ ਨਹੀਂ ਲੱਗੀ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ 'ਚ ਦਾਖਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਸਿਫਰ ਹੋ ਗਈ ਹੈ। ਤਿੰਨ ਮਰੀਜ਼ਾਂ ਨੇ ਕੋਰੋਨਾ ਖਿਲਾਫ ਜੰਗ ਜਿੱਤੀ। ਜ਼ਿਲ੍ਹੇ 'ਚ ਹੋਮ ਆਈਸੋਲੇਸ਼ਨ 'ਚ ਸਿਰਫ ਪੰਜ ਮਰੀਜ਼ ਹੀ ਹਨ। ਜ਼ਿਲ੍ਹੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ ਅੱਠ ਰਹਿ ਗਈ ਹੈ। ਦੋ ਤੋਂ ਚਾਰ ਅਕਤੂਬਰ ਤਕ ਜ਼ਿਲ੍ਹੇ 'ਚ ਕੋਰੋਨਾ ਦੇ ਨਵੇਂ ਮਾਮਲੇ ਵੀ ਜ਼ੀਰੋ ਰਹੇ। ਉਧਰ, ਬੁੱਧਵਾਰ ਨੂੰ ਸਰਕਾਰੀ ਸੈਂਟਰਾਂ 'ਚ ਵੈਕਸੀਨ ਦੀ ਡੋਜ਼ ਨਹੀਂ ਲੱਗੀ। ਜ਼ਿਲ੍ਹੇ 'ਚ ਵੈਕਸੀਨ ਦੀ ਡੋਜ਼ ਦਾ ਅੰਕੜਾ 40,40,763 ਤਕ ਪਹੁੰਚ ਗਿਆ। ਇਸ 'ਚੋਂ 19,53,320 ਪਹਿਲੀ, 18,83,047 ਦੂਸਰੀ ਤੇ 2,04,396 ਬੂਸਟਰ ਡੋਜ਼ ਸ਼ਾਮਲ ਹੈ। ਜ਼ਿਲ੍ਹਾ ਟੀਕਾਕਰਣ ਅਧਿਕਾਰੀ ਡਾ. ਰਾਕੇਸ਼ ਚੋਪੜਾ ਦਾ ਕਹਿਣਾ ਹੈ ਕਿ ਤਿਓਹਾਰਾਂ ਦੇ ਚਲਦਿਆ ਵੈਕਸੀਨ ਦੀ ਡੋਜ਼ ਲਗਵਾਉਣ ਲਈ ਘੱਟ ਲੋਕ ਪਹੁੰਚ ਰਹੇ ਹਨ। ਵਿਭਾਗ ਕੋਲ ਦੋ ਹਜ਼ਾਰ ਦੇ ਕਰੀਬ ਕੋਵੀਸ਼ੀਲਡ ਦੀ ਡੋਜ਼ ਪਈ ਹੈ। ਹੋਰ ਵੈਕਸੀਨ ਵੀ ਦਸ ਹਜ਼ਾਰ ਦੇ ਕਰੀਬ ਪਈ ਹੈ। ਵਿਭਾਗ ਵੱਲੋਂ ਬੂਸਟਰ ਡੋਜ਼ ਲਗਵਾਉਣ ਵਾਲਿਆ ਨੂੰ ਮੋਬਾਇਲ ਫੋਨ ਰਾਹੀਂ ਸੰਦੇਸ਼ ਵੀ ਭੇਜੇ ਜਾ ਰਹੇ ਹਨ।