ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ 'ਚ ਗਿਰਾਵਟ ਦਰਜ ਹੋਣ ਲੱਗ ਪਈ ਹੈ। ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ ਕੋਰੋਨਾ ਦੇ ਚਾਰ ਨਵੇਂ ਮਾਮਲੇ ਆਏ। ਕਿਸੇ ਵੀ ਮਰੀਜ਼ ਦੀ ਕੋਰੋਨਾ ਨਾਲ ਮੌਤ ਨਹੀਂ ਹੋਈ। ਚਾਰ ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤੀ। ਉੱਥੇ ਹੀ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਨਾਲ ਲੋਕ ਵੈਕਸੀਨ ਲਗਵਾਉਣ ਤੋਂ ਪੱਲਾ ਝਾੜਨ ਲੱਗ ਪਏ ਹਨ। ਸ਼ੁੱਕਰਵਾਰ ਨੂੰ 719 ਲੋਕਾਂ ਨੇ ਵੈਕਸੀਨ ਦੀ ਡੋਜ਼ ਲਗਵਾਈ।

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ 'ਚ ਕੋਰੋਨਾ ਦਾ ਕੋਈ ਵੀ ਮਰੀਜ਼ ਦਾਖਲ ਨਹੀਂ ਹੋਇਆ। ਜ਼ਿਲ੍ਹੇ ਦੇ ਹਸਪਤਾਲਾਂ 'ਚ ਤਿੰਨ ਮਰੀਜ਼ ਜ਼ੇਰੇ ਇਲਾਜ ਹਨ। ਇਨ੍ਹਾਂ 'ਚ ਇਕ ਹੋਰ ਜ਼ਿਲ੍ਹੇ ਨਾਲ ਸਬੰਧਤ ਹਨ। 19 ਮਰੀਜ਼ ਘਰਾਂ 'ਚ ਆਈਸੋਲੇਟ ਹਨ। ਕੋਰੋਨਾ ਦੇ ਨਵੇਂ ਮਾਮਲਿਆਂ 'ਚ 30 ਤੋਂ 51 ਸਾਲ ਉਮਰ ਵਰਗ ਦੇ ਤਿੰਨ ਮੁੰਡੇ ਤੇ ਇਕ ਅੌਰਤ ਸ਼ਾਮਲ ਹਨ। ਨਵੇਂ ਮਾਮਲੇ ਜਲੰਧਰ ਛਾਉਣੀ, ਦਸਮੇਸ਼ ਐਵੇਨਿਊ ਅਤੇ ਲਾਂਬੜਾ ਇਲਾਕੇ ਨਾਲ ਸਬੰਧਤ ਹਨ। ਉੱਧਰ, ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਨਾਲ ਵੈਕਸੀਨ ਲਗਵਾਉਣ ਵਾਲਿਆਂ ਦੀ ਗਿਣਤੀ ਘੱਟ ਹੋਣ ਲੱਗੀ ਹੈ। ਸਰਕਾਰ ਵੱਲੋਂ ਲੋਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ਼ ਲਗਵਾਉਣ ਦੇ ਲਈ ਸੁਨੇਹੇ ਆ ਰਹੇ ਹਨ। ਜ਼ਿਆਦਾਤਰ ਲੋਕ ਇਸ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ। ਸਰਕਾਰੀ ਸੈਂਟਰਾਂ 'ਚ ਵੈਕਸੀਨ ਲਗਵਾਉਣ ਵਾਲਿਆਂ ਦਾ ਗ੍ਰਾਫ ਲਗਾਤਾਰ ਘੱਟ ਹੋ ਰਿਹਾ ਹੈ। ਜ਼ਿਲ੍ਹੇ 'ਚ ਡੋਜ਼ ਦਾ ਕੁੱਲ ਅੰਕੜਾ 4032885 ਤਕ ਪਹੁੰਚਿਆ। ਇਨ੍ਹਾਂ 'ਚ 1952789 ਪਹਿਲੀ, 1881056 ਦੂਸਰੀ ਅਤੇ 199040 ਬੂਸਟਰ ਡੋਜ਼ ਲਗਵਾਉਣ ਵਾਲੇ ਸ਼ਾਮਲ ਹਨ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਕੋਵਿਸ਼ੀਲਡ ਦੀ ਡੋਜ਼ ਆਉਣ ਦੇ ਬਾਵਜੂਦ ਕੁਝ ਦਿਨ ਤਕ ਲੋਕਾਂ ਨੇ ਉਤਸ਼ਾਹ ਦਿਖਾਇਆ। ਇਸ ਤੋਂ ਬਾਅਦ ਵੈਕਸੀਨ ਲਗਵਾਉਣ ਵਾਲਿਆਂ ਦੀ ਦਰ 'ਚ ਗਿਰਾਵਟ ਦਰਜ ਕੀਤੀ ਗਈ। ਬੱਚਿਆਂ 'ਚ ਦੂਸਰੀ ਡੋਜ਼ ਲਾਉਣ ਦਾ ਟੀਚਾ 86 ਫੀਸਦੀ ਦੇ ਕਰੀਬ ਪੂਰਾ ਹੋ ਚੁੱਕਿਆ ਹੈ। ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾਵੇਗੀ।