ਪੰਜਾਬੀ ਜਾਗਰਣ ਕੇਂਦਰ, ਜਲੰਧਰ : ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ 'ਚ ਕਮੀ ਹੋਣ ਨਾਲ ਲੋਕ ਰਾਹਤ ਮਹਿਸੂਸ ਕਰਨ ਲੱਗੇ ਹਨ। ਵੈਕਸੀਨ ਸੈਂਟਰਾਂ 'ਚ ਕੋਵਿਸ਼ੀਲਡ ਦੀ ਬੂਸਟਰ ਡੋਜ਼ ਲਗਵਾਉਣ ਵਾਲੇ ਲੋਕ ਪਹੁੰਚਣ ਲੱਗੇ ਹਨ। ਵੀਰਵਾਰ ਨੂੰ ਜ਼ਿਲ੍ਹੇ 'ਚ ਇਕ ਹੀ ਪਰਿਵਾਰ ਦੇ ਦੋ ਬਜ਼ੁਰਗਾਂ ਸਮੇਤ 5 ਨਵੇਂ ਮਾਮਲੇ ਸਾਹਮਣੇ ਆਏ। ਕੋਰੋਨਾ ਨਾਲ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ। ਠੇਕੇ 'ਤੇ ਰੱਖੇ ਮੁਲਾਜ਼ਮਾਂ ਦੀ ਹੜਤਾਲ ਦੇ ਚਲਦਿਆਂ ਲੋਕ ਨਿੱਜੀ ਲੈਬਜ਼ 'ਚ ਜਾਂਚ ਕਰਵਾਉਣ ਪਹੁੰਚੇ। ਕੋਰੋਨਾ ਤੋਂ ਬਚਾਅ ਲਈ ਬੂਸਟਰ ਡੋਜ਼ ਲਗਵਾਉਣ ਲਈ ਲੋਕ ਸੈਂਟਰਾਂ ਦਾ ਰੁਖ ਕਰਨ ਲੱਗੇ ਹਨ।

ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 26 ਤਕ ਪਹੁੰਚ ਗਈ ਹੈ। ਸਰਕਾਰੀ ਹਸਪਤਾਲ 'ਚ ਕੋਰੋਨਾ ਦਾ ਇਕ ਮਰੀਜ਼ ਦਾਖਲ ਹੋਣ ਨਾਲ ਅੰਕੜਾ 5 ਤਕ ਪਹੁੰਚਿਆ, ਇਨ੍ਹਾਂ 'ਚੋਂ 3 ਹੋਰ ਜ਼ਿਲਿ੍ਹਆਂ ਨਾਲ ਸਬੰਧਤ ਹਨ। ਹਸਪਤਾਲਾਂ 'ਚ ਦਾਖਲ ਮਰੀਜ਼ਾਂ 'ਚ 2 ਆਕਸੀਜਨ 'ਤੇ ਹਨ। ਚਾਰ ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤੀ। 90 ਸਾਲ ਉਮਰ ਦੇ ਇਕ ਹੀ ਪਰਿਵਾਰ ਦੇ ਦੋ ਬਜ਼ੁਰਗ ਸਾਹਮਣੇ ਆਏ। ਨਵੇਂ ਮਾਮਲੇ ਮਾਡਲ ਟਾਊਨ, ਆਦਮਪੁਰ ਅਤੇ ਰਾਮਾਮੰਡੀ ਇਲਾਕੇ ਨਾਲ ਸਬੰਧਤ ਹਨ। ਵਿਭਾਗ ਵੱਲੋਂ ਮੁਹਾਲੀ ਲੈਬ 'ਚ ਸੈਂਪਲ ਭੇਜੇ ਜਾ ਰਹੇ ਸਨ। ਉੱਥੇ ਹੀ ਕੋਰੋਨਾ ਜਾਂਚ ਲਈ ਨਿੱਜੀ ਲੈਬਾਂ 'ਚ ਸੈਂਪਲਾਂ ਦੀ ਗਿਣਤੀ ਵਧੀ। ਵੀਰਵਾਰ ਨੂੰ ਆਈ ਰਿਪੋਰਟ 'ਚ 5 ਨਵੇਂ ਮਾਮਲਿਆਂ 'ਚੋਂ 4 ਨਿੱਜੀ ਲੈਬਜ਼ ਤੋਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਉੱਥੇ ਹੀ ਕੋਰੋਨਾ ਵੈਕਸੀਨ ਲਗਵਾਉਣ ਲਈ 50 ਸੈਂਟਰ ਬਣਾਏ ਗਏ। ਵੀਰਵਾਰ ਨੂੰ ਜ਼ਿਲ੍ਹੇ 'ਚ 854 ਲੋਕਾਂ ਨੇ ਵੈਕਸੀਨ ਲਗਵਾਈ ਅਤੇ ਕੁੱਲ ਅੰਕੜਾ 4032064 ਤਕ ਪਹੁੰਚਿਆ। ਇਨ੍ਹਾਂ 'ਚ 1952740 ਪਹਿਲੀ, 1880976 ਦੂਸਰੀ ਅਤੇ 198348 ਬੂਸਟਰ ਡੋਜ਼ ਵਾਲੇ ਸ਼ਾਮਲ ਹਨ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਵੀਰਵਾਰ ਨੂੰ ਕੋਵਿਸ਼ੀਲਡ ਦੀ ਤਿੰਨ ਹਜ਼ਾਰ ਡੋਜ਼ ਪਹੁੰਚੀ। ਵੈਕਸੀਨ ਲਗਵਾਉਣ ਲਈ ਬੂਸਟਰ ਡੋਜ਼ ਲਗਵਾਉਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ।