ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ-ਘੱਟ ਰਹੀ ਹੈ। ਕੋਰੋਨਾ ਜਾਨਲੇਵਾ ਵੀ ਸਾਬਤ ਹੋਣ ਲੱਗਾ ਹੈ। ਦੋ ਦਿਨਾਂ ਦੌਰਾਨ ਡਾਕਟਰ ਸਮੇਤ 59 ਲੋਕ ਕੋਰੋਨਾ ਦੀ ਲਪੇਟ 'ਚ ਆਏ, ਇਨ੍ਹਾਂ 'ਚੋਂ 14 ਹੋਰਨਾਂ ਜ਼ਿਲਿ੍ਹਆਂ ਨਾਲ ਸਬੰਧਤ ਹਨ। ਜ਼ਿਲ੍ਹੇ ਦੇ 45 ਨਵੇਂ ਕੇਸ ਰਿਪੋਰਟ ਕੀਤੇ ਗਏ ਹਨ। ਉਥੇ ਹੀ ਪਿਛਲੇ ਦੋ ਦਿਨਾਂ 'ਚ ਕੋਰੋਨਾ ਨਾਲ ਚਾਰ ਮਰੀਜ਼ਾਂ ਦੀ ਮੌਤ ਹੋਈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ 2 ਦਿਨ 'ਚ 79 ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤੀ। ਅੱਠ ਨਵੇਂ ਮਰੀਜ਼ ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ 'ਚ ਦਾਖਲ ਕੀਤੇ ਗਏ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਰਾਜ ਨਗਰ 'ਚ ਰਹਿਣ ਵਾਲੀ 51 ਸਾਲਾ ਅੌਰਤ ਦੀ ਸਿਵਲ ਹਸਪਤਾਲ 'ਚ ਮੌਤ ਹੋ ਗਈ। ਉਹ ਟੀਬੀ ਨਾਲ ਪੀੜਤ ਸੀ। ਮੁਹੱਲਾ ਗੋਬਿੰਦਗੜ੍ਹ ਵਾਸੀ 74 ਸਾਲਾ ਬਜ਼ੁਰਗ ਦੀ ਕੋਰੋਨਾ ਨਾਲ ਚੈਰੀਟੇਬਲ ਹਸਪਤਾਲ 'ਚ ਮੌਤ ਹੋ ਗਈ। ਉਹ ਪੰਜ ਦਿਨ ਤਕ ਹਸਪਤਾਲ 'ਚ ਦਾਖਲ ਰਹੇ। ਉਨ੍ਹਾਂ ਨੂੰ ਹਾਈਪਰਟੈਨਸ਼ਨ ਤੇ ਕਿਡਨੀ ਦੀ ਸਮੱਸਿਆ ਸੀ। ਸਿਵਲ ਹਸਪਤਾਲ 'ਚ ਖਾਂਬਰਾ ਦੇ 48 ਸਾਲਾ ਮਰੀਜ਼ ਦੀ ਸਿਵਲ ਹਸਪਤਾਲ 'ਚ ਮੌਤ ਹੋ ਗਈ। ਮਰੀਜ਼ ਨੂੰ ਟੀਬੀ ਵੀ ਸੀ। ਇਸ ਤੋਂ ਇਲਾਵਾ, ਚਰਨਜੀਤਪੁਰਾ ਦੀ 60 ਸਾਲਾ ਅੌਰਤ ਦੀ ਕੋਰੋਨਾ ਨਾਲ ਮੌਤ ਹੋਈ, ਉਸ ਨੂੰ ਦਿਲ, ਸ਼ੂਗਰ ਤੇ ਹਾਈਪਰਟੈਨਸ਼ਨ ਦੀ ਬਿਮਾਰੀ ਸੀ। ਕੋਰੋਨਾ ਦੇ ਨਵੇਂ ਕੇਸ ਰਾਮ ਨਗਰ, ਸ਼ਾਹਕੋਟ, ਬੜਾ ਪਿੰਡ, ਸਮਰਾਏ, ਟੁੱਟ ਕਲਾਂ, ਨਿਊ ਜਵਾਹਰ ਨਗਰ, ਆਦਰਸ਼ ਨਗਰ, ਖਾਂਬਰਾ, ਕਰਤਾਰ ਨਗਰ, ਨੂਰਪੁਰ ਕਾਲੋਨੀ, ਜੰਡਿਆਲਾ, ਟਾਵਲ ਇਨਕਲੇਵ, ਮਾਡਲ ਟਾਊਨ, ਗੋਰਾਇਆ, ਫਿਲੌਰ, ਆਦਮਪੁਰ, ਭੋਗਪੁਰ, ਨਕੋਦਰ ਨਾਲ ਸਬੰਧਤ ਹਨ।

ਉਧਰ, ਜ਼ਿਲ੍ਹੇ 'ਚ ਕੋਰੋਨਾ ਦੇ ਕੇਸ ਵਧਣ ਨਾਲ ਵੈਕਸੀਨ ਲਵਾਉਣ ਵਾਲਿਆਂ ਦੀ ਗਿਣਤੀ ਵੀ ਵੱਧਣ ਲੱਗੀ ਹੈ। ਮੰਗਲਵਾਰ ਨੂੰ 1680 ਲੋਕਾਂ ਨੂੰ ਵੈਕਸੀਨ ਦੀ ਡੋਜ਼ ਲੱਗੀ। ਜ਼ਿਲ੍ਹੇ 'ਚ ਵੈਕਸੀਨ ਦੀ ਡੋਜ਼ ਦਾ ਕੁੱਲ ਅੰਕੜਾ 39,96,713 ਤਕ ਪੁੱਜ ਗਿਆ। ਇਨ੍ਹਾਂ 'ਚ 19,50,788 ਪਹਿਲੀ, 18,72,933 ਦੂਜੀ ਅਤੇ 1,72,992 ਬੂਸਟਰ ਡੋਜ਼ ਵਾਲੇ ਸ਼ਾਮਲ ਹਨ। ਸਿਵਲ ਸਰਜਨ ਡਾ. ਰਮਨ ਨੇ ਬਜ਼ੁਰਗਾਂ ਤੇ ਸਹਿ-ਰੋਗਾਂ ਵਾਲੇ ਮਰੀਜ਼ਾਂ ਨੂੰ ਕੋਰੋਨਾ ਤੋਂ ਬਚ ਕੇ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਲੱਛਣ ਪਤਾ ਲੱਗਦਿਆਂ ਹੀ ਹਸਪਤਾਲ 'ਚ ਸੰਪਰਕ ਕਰਨ।