ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ 'ਚ ਗਿਰਾਵਟ ਆਉਣ ਨਾਲ ਰਾਹਤ ਮਿਲਣ ਲੱਗੀ ਹੈ। ਉੱਥੇ ਹੀ ਵੈਕਸੀਨ ਦੀ ਬੂਸਟਰ ਡੋਜ਼ ਨੂੰ ਲੈ ਕੇ ਸੇਵਾਵਾਂ ਨਾ ਮਿਲਣ ਨਾਲ ਲੋਕ ਪਰੇਸ਼ਾਨ ਹਨ। ਬੁੱਧਵਾਰ ਨੂੰ ਕੋਰੋਨਾ ਬੱਚਿਆਂ 'ਤੇ ਭਾਰੀ ਪਿਆ। ਤਿੰਨ ਬੱਚਿਆਂ ਸਮੇਤ ਕੋਰੋਨਾ ਦੇ 10 ਨਵੇਂ ਮਾਮਲੇ ਸਾਹਮਣੇ ਆਏ। ਕਿਸੇ ਵੀ ਮਰੀਜ਼ ਦੀ ਕੋਰੋਨਾ ਨਾਲ ਮੌਤ ਨਹੀਂ ਹੋਈ। ਉੱਥੇ ਹੀ ਵੈਕਸੀਨ ਦੀ ਕਮੀ ਦੇ ਚਲਦਿਆਂ ਜ਼ਿਲ੍ਹੇ 'ਚ ਸਿਰਫ 669 ਲੋਕਾਂ ਨੂੰ ਹੀ ਡੋਜ਼ ਲੱਗੀ।

ਸਿਹਤ ਵਿਭਾਗ ਅਨੁਸਾਰ 5 ਮਹੀਨੇ, 12 ਸਾਲ ਅਤੇ 15 ਸਾਲ ਦੇ ਤਿੰਨ ਬੱਚੇ ਕੋਰੋਨਾ ਦੀ ਲਪੇਟ 'ਚ ਆਏ। ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 50 ਤਕ ਪਹੁੰਚੀ। 15 ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤੀ ਅਤੇ 29 ਘਰਾਂ 'ਚ ਆਈਸੋਲੇਟ ਹਨ। ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ 'ਚ ਕੋਈ ਵੀ ਮਰੀਜ਼ ਦਾਖਲ ਨਹੀਂ ਹੋਇਆ। ਉਧਰ, ਕੋਰੋਨਾ ਵੈਕਸੀਨ ਦੀ ਕਮੀ ਦੇ ਚਲਦਿਆਂ ਲੋਕ ਸੈਂਟਰਾਂ ਤੋਂ ਨਿਰਾਸ਼ ਪਰਤਣ ਲੱਗੇ ਹਨ। ਜ਼ਿਲ੍ਹੇ 'ਚ ਕੁੱਲ ਡੋਜ਼ 4025981 ਤਕ ਅੰਕੜਾ ਪਹੁੰਚਿਆ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਕਿਹਾ ਕਿ ਕੋਵਿਸ਼ੀਲਡ ਦੀ ਡੋਜ਼ ਖ਼ਤਮ ਹੋ ਚੁੱਕੀ ਹੈ। ਡਿਮਾਂਡ ਵਿਭਾਗ ਨੂੰ ਭੇਜੀ ਹੈ ਅਤੇ ਛੇਤੀ ਹੀ ਸਪਲਾਈ ਆਵੇਗੀ।