ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਗਰਮੀ ਦਾ ਅਸਰ ਕੋਰੋਨਾ ਵੈਕਸੀਨ 'ਤੇ ਵੀ ਪੈਣ ਲੱਗਾ ਹੈ। ਸਰਕਾਰੀ ਤੇ ਗੈਰ-ਸਰਕਾਰੀ ਸੈਂਟਰਾਂ 'ਚ ਵੈਕਸੀਨ ਲਵਾਉਣ ਵਾਲਿਆਂ ਦੀ ਗਿਣਤੀ 'ਚ ਗਿਰਾਵਟ ਦਰਜ ਹੋਣ ਲੱਗੀ ਹੈ। ਸੋਮਵਾਰ ਨੂੰ ਜ਼ਿਲ੍ਹੇ 'ਚ 2612 ਲੋਕਾਂ ਨੂੰ ਵੈਕਸੀਨ ਦੀ ਡੋਜ਼ ਲੱਗੀ। ਉਥੇ ਹੀ ਬੂਸਟਰ ਡੋਜ਼ ਲਵਾਉਣ ਵਾਲਿਆਂ ਦੀ ਗਿਣਤੀ 88 ਹਜ਼ਾਰ ਤੋਂ ਟੱਪ ਗਈ ਹੈ। ਸਿਹਤ ਵਿਭਾਗ ਮੁਤਾਬਕ ਜ਼ਿਲ੍ਹੇ 'ਚ ਟੀਮਾਂ ਬੱਚਿਆਂ ਨੂੰ ਦੂਜੀ ਡੋਜ਼ ਲਾਉਣ ਲਈ ਟੀਚੇ ਤੋਂ ਪੱਛੜ ਰਹੀਆਂ ਹਨ। ਉਥੇ ਹੀ ਗਰਮੀ ਵਧਣ ਕਾਰਨ ਸੈਂਟਰਾਂ 'ਚ ਡੋਜ਼ ਲਵਾਉਣ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ 'ਚ ਗਿਰਾਵਟ ਹੋਣ ਲੱਗੀ ਹੈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ 'ਚ 37,53,507 ਡੋਜ਼ ਲੱਗ ਚੁੱਕੀ ਹੈ। ਇਨ੍ਹਾਂ 'ਚ 19,35,000 ਪਹਿਲੀ, 17,30,305 ਦੂਜੀ ਅਤੇ 88,202 ਬੂਸਟਰ ਡੋਜ਼ ਸ਼ਾਮਲ ਹੈ। ਜ਼ਿਲ੍ਹੇ 'ਚ 70 ਹਜ਼ਾਰ ਦੇ ਕਰੀਬ ਡੋਜ਼ ਪਈ ਹੈ।

-----------

ਕੋਰੋਨਾ ਦੇ ਦੋ ਨਵੇਂ ਮਾਮਲੇ

ਜਲੰਧਰ : ਕੋਰੋਨਾ ਦੇ ਮਰੀਜ਼ਾਂ 'ਚ ਉਤਾਰ ਚੜ੍ਹਾਅ ਦਾ ਸਿਲਸਿਲਾ ਜਾਰੀ ਹੈ। ਐਤਵਾਰ ਨੂੰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਜ਼ੀਰੋ ਹੋਣ ਤੋਂ ਬਾਅਦ ਸੋਮਵਾਰ ਨੂੰ ਦੋ ਨਵੇਂ ਮਾਮਲੇ ਸਾਹਮਣੇ ਆਏ। ਕੋਰੋਨਾ ਨਾਲ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ। ਦੋ ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤੀ। ਮਰੀਜ਼ ਨੂਰਪੁਰ ਤੇ ਕਰਤਾਰਪੁਰ ਇਲਾਕੇ ਨਾਲ ਸਬੰਧਤ ਹਨ। ਮਰੀਜ਼ਾਂ 'ਚ ਇਕ ਮੁਟਿਆਰ ਤੇ ਬਜ਼ੁਰਗ ਸ਼ਾਮਲ ਹੈ। ਜ਼ਿਲ੍ਹੇ 'ਚ ਕੋਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ।