v> ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੋਰੋਨਾ ਮਹਾਮਾਰੀ ਦਾ ਕਹਿਰ ਪੰਜਾਬ ਅੰਦਰ ਲਗਾਤਾਰ ਜਾਰੀ ਹੈ। ਪਾਜ਼ੇਟਿਵ ਕੇਸ ਆਉਣ ਤੇ ਮਰੀਜ਼ਾਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸ਼ੁੱਕਰਵਾਰ ਨੂੰ ਕੋਰੋਨਾ ਨੇ 180 ਮਰੀਜ਼ਾਂ ਦੀ ਜਾਨ ਲੈ ਲਈ ਤੇ 8068 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ। ਓਧਰ 8446 ਲੋਕ ਕੋਰੋਨਾ ਖ਼ਿਲਾਫ਼ ਜੰਗ ਜਿੱਤ ਕੇ ਘਰ ਪਰਤੇ। ਸਿਹਤ ਵਿਭਾਗ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਵੱਖ-ਵੱਖ ਜ਼ਿਲ੍ਹਿਆਂ ਤੋਂ ਮਿਲੀਆਂ ਕੋਰੋਨਾ ਦੀਆਂ ਰਿਪੋਰਟਾਂ ’ਚ ਪੰਜਾਬ ਅੰਦਰ 180 ਮਰੀਜ਼ਾਂ ਦੀ ਮੌਤ ਹੋਈ ਅਤੇ 8068 ਲੋਕ ਪਾਜ਼ੇਟਿਵ ਪਾਏ ਗਏ। ਅੱਜ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਸੂਬੇ ਅੰਦਰ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 11477 ਤਕ ਪੁੱਜ ਗਈ ਤੇ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 4,83,984 ਹੋ ਗਿਆ ਹਾਲਾਂਕਿ ਹੁਣ ਤਕ 3,93,148 ਲੋਕ ਠੀਕ ਹੋ ਚੁੱਕੇ ਹਨ। ਸ਼ੁੱਕਰਵਾਰ ਨੂੰ ਕੋਰੋਨਾ ਨਾਲ ਸਭ ਤੋਂ ਵੱਧ ਜਾਨਾਂ ਅੰਮ੍ਰਿਤਸਰ ’ਚ ਗਈਆਂ, ਜਿੱਥੇ 23 ਮਰੀਜ਼ਾਂ ਦੀ ਮੌਤ ਹੋਈ। ਇਸ ਤੋਂ ਇਲਾਵਾ ਲੁਧਿਆਣਾ ’ਚ 19, ਬਠਿੰਡਾ ’ਚ 18, ਜਲੰਧਰ ਤੇ ਪਟਿਆਲਾ ’ਚ 13-13, ਮੁਕਤਸਰ ’ਚ 11, ਗੁਰਦਾਸਪੁਰ ਤੇ ਮੋਹਾਲੀ ’ਚ 10-10, ਫਾਜ਼ਿਲਕਾ ਤੇ ਸੰਗਰੂਰ ’ਚ 9-9, ਹੁਸ਼ਿਆਰਪੁਰ ’ਚ 8, ਨਵਾਂਸ਼ਹਿਰ ’ਚ 6, ਕਪੂਰਥਲਾ ’ਚ 5, ਪਠਾਨਕੋਟ ’ਚ 4, ਫਰੀਦਕੋਟ, ਫਿਰੋਜ਼ਪੁਰ, ਬਰਨਾਲਾ, ਫਤਹਿਗੜ੍ਹ ਸਾਹਿਬ, ਮਾਨਸਾ ਤੇ ਮੋਗਾ ’ਚ 3-3, ਰੋਪੜ ਤੇ ਤਰਨਤਾਰਨ ’ਚ 2-2 ਮਰੀਜ਼ਾਂ ਦੀ ਮੌਤ ਹੋਈ। ਪਾਜ਼ੇਟਿਵ ਕੇਸਾਂ ਦੇ ਮਾਮਲੇ ’ਚ ਲੁਧਿਆਣਾ ਸਭ ਤੋਂ ਮੋਹਰੀ ਰਿਹਾ ਤੇ 1320 ਲੋਕ ਪਾਜ਼ੇਟਿਵ ਪਾਏ ਗਏ। ਇਸ ਤੋਂ ਬਠਿੰਡਾ ਤੋਂ 988, ਮੋਹਾਲੀ ਤੋਂ 661, ਪਟਿਆਲਾ ਤੋਂ 570, ਜਲੰਧਰ ਤੋਂ 551, ਪਠਾਨਕੋਟ 486, ਫਾਜ਼ਿਲਕਾ 451, ਅੰਮ੍ਰਿਤਸਰ 408, ਮੁਕਤਸਰ 403, ਹੁਸ਼ਿਆਰਪੁਰ ਤੋਂ 358, ਗੁਰਦਾਸਪੁਰ ਤੋਂ 258, ਮਾਨਸਾ ਤੋਂ 258, ਸੰਗਰੂਰ ਤੋਂ 236, ਫਿਰੋਜ਼ਪੁਰ ਤੋਂ 229, ਫਰੀਦਕੋਟ ਤੋਂ 176, ਰੋਪੜ ਤੋਂ 167, ਕਪੂਰਥਲਾ ਤੋਂ 166, ਫਤਹਿਗੜ੍ਹ ਸਾਹਿਬ 135, ਨਵਾਂਸ਼ਹਿਰ ਤੋਂ 112, ਮੋਗਾ ਤੋਂ 70, ਬਰਨਾਲਾ ਤੋਂ 53 ਅਤੇ ਤਰਨਤਾਰਨ ਤੋਂ 12 ਲੋਕ ਪਾਜ਼ੇਟਿਵ ਪਾਏ ਗਏ।

Posted By: Susheel Khanna