ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੋਰੋਨਾ ਦੇ ਨਵੇਂ ਮਾਮਲਿਆਂ ਨੂੰ ਲੈ ਕੇ ਮੰਗਲਵਾਰ ਨੂੰ ਥੋੜੀ ਰਾਹਤ ਮਿਲੀ ਹੈ। ਬਜ਼ੁਰਗਾਂ 'ਤੇ ਕੋਰੋਨਾ ਦਾ ਖਤਰਾ ਮੰਡਰਾ ਰਿਹਾ ਹੈ। ਮੰਗਲਵਾਰ ਨੂੰ ਜਿਲ੍ਹੇ 'ਚ 99 ਸਾਲ ਦੇ ਬਜ਼ੁਰਗ ਸਮੇਤ 32 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚ 8 ਮਾਮਲੇ ਹੋਰ ਜ਼ਿਲਿ੍ਹਆਂ ਨਾਲ ਸਬੰਧਤ ਹਨ। ਜ਼ਿਲ੍ਹੇ ਦੇ ਖਾਤੇ 'ਚ 24 ਮਾਮਲੇ ਦਰਜ ਹੋਏ। ਕੋਰੋਨਾ ਨਾਲ 78 ਸਾਲ ਦੇ ਬਜ਼ੁਰਗ ਦੀ ਮੌਤ ਹੋਈ। ਉੱਥੇ ਹੀ 2477 ਲੋਕਾਂ ਨੂੰ ਵੈਕਸੀਨ ਦੀ ਡੋਜ਼ ਲੱਗੀ।

ਸਿਹਤ ਵਿਭਾਗ ਅਨੁਸਾਰ ਮੰਗਲਵਾਰ ਨੂੰ ਕੋਰੋਨਾ ਦੇ ਨਵੇਂ ਮਾਮਲਿਆਂ 'ਚ 60 ਤੋਂ 99 ਸਾਲ ਉਮਰ ਤਕ ਦੇ 11 ਮਾਮਲੇ ਸ਼ਾਮਲ ਹਨ। ਜ਼ਿਲ੍ਹੇ ਦੇ ਪਿੰਡ ਮਾਣਕ 'ਚ ਰਹਿਣ ਵਾਲੇ 78 ਸਾਲਾ ਬਜ਼ੁਰਗ ਦੀ ਨਿੱਜੀ ਹਸਪਤਾਲ 'ਚ ਦੋ ਦਿਨ ਇਲਾਜ ਉਪਰੰਤ ਮੌਤ ਹੋ ਗਈ। ਉਨ੍ਹਾਂ ਨੂੰ ਦਿਲ ਦੀ ਬਿਮਾਰੀ ਵੀ ਸੀ।

ਉੱਥੇ ਹੀ ਜਿਲ੍ਹੇ 'ਚ 2477 ਲੋਕਾਂ ਨੇ ਵੈਕਸੀਨ ਦੀ ਡੋਜ਼ ਲਗਵਾਈ। ਕੁੱਲ ਡੋਜ਼ ਦਾ ਅੰਕੜਾ 3986898 ਤਕ ਪਹੁੰਚਿਆ। ਇਨਾਂ੍ਹ 'ਚ 1950322 ਪਹਿਲੀ, 1871304 ਦੂਸਰੀ ਅਤੇ 165272 ਬੂਸਟਰ ਡੋਜ਼ ਵਾਲੇ ਸ਼ਾਮਲ ਹਨ। ਜਿਲ੍ਹੇ ਦੇ ਸਟਾਕ 'ਚ 30 ਹਜ਼ਾਰ ਦੇ ਕਰੀਬ ਡੋਜ਼ ਪਈ ਹੈ।