ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੋਰੋਨਾ ਤੋਂ ਬਚਾਅ ਨੂੰ ਲੈ ਕੇ ਅੱਲ੍ਹੜਾਂ ਨੂੰ ਵੈਕਸੀਨ ਲਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਮੁਹਿੰਮ ਤੇਜ਼ ਕਰ ਦਿੱਤੀ ਹੈ। ਮੰਗਲਵਾਰ ਨੂੰ ਜ਼ਿਲ੍ਹੇ 'ਚ 224 ਸੈਂਟਰਾਂ 'ਚ 18929 ਲੋਕਾਂ ਨੂੰ ਵੈਕਸੀਨ ਦੀ ਡੋਜ਼ ਲਾਈ ਗਈ। ਇਨ੍ਹਾਂ 'ਚ 15-17 ਸਾਲ ਤਕ ਦੇ 3315 ਅਤੇ 2 ਹਜ਼ਾਰ ਦੇ ਕਰੀਬ ਬੂਸਟਰ ਡੋਜ਼ ਲਗਵਾਉਣ ਵਾਲੇ ਸ਼ਾਮਲ ਹਨ। ਜ਼ਿਲ੍ਹੇ 'ਚ ਪਹਿਲੀ ਡੋਜ਼ ਲਗਵਾਉਣ ਵਾਲਿਆਂ ਦੀ ਗਿਣਤੀ 16 ਲੱਖ ਅਤੇ ਦੂਸਰੀ ਡੋਜ਼ ਲਗਵਾਉਣ ਵਾਲਿਆਂ ਦੀ ਗਿਣਤੀ ਦਾ ਅੰਕੜਾ 12 ਲੱਖ ਪਾਰ ਹੋ ਚੁੱਕਾ ਹੈ।

ਸਿਹਤ ਵਿਭਾਗ ਨੇ 15-17 ਸਾਲ ਤਕ ਅਤੇ ਬੂਸਟਰ ਡੋਜ਼ ਲਗਵਾਉਣ ਵਾਲਿਆਂ ਲਈ ਮੁਹਿੰਮ ਤੇਜ਼ ਕਰ ਦਿੱਤੀ ਹੈ। ਸਰਕਾਰੀ ਅਤੇ ਗੈਰ ਸਰਕਾਰੀ ਸੈਂਟਰਾਂ 'ਚ ਵੈਕਸੀਨ ਲਗਵਾਉਣ ਵਾਲਿਆਂ ਦੀ ਗਿਣਤੀ ਦਾ ਗ੍ਰਾਫ ਤੇਜ਼ੀ ਨਾਲ ਵੱਧਣ ਲੱਗ ਪਿਆ ਹੈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਸਿਹਤ ਵਿਭਾਗ ਨੇ 40 ਹਜ਼ਾਰ ਕੋਵੈਕਸੀਨ ਦੀ ਡੋਜ਼ ਭੇਜ ਦਿੱਤੀ ਹੈ। ਵਿਭਾਗ ਦੇ ਸਟੋਰ 'ਚ ਸਵਾ ਦੋ ਲੱਖ ਡੋਜ਼ ਪਈ ਹੈ। ਇਸ ਤੋਂ ਇਲਾਵਾ ਸਿਹਤ ਕੇਂਦਰਾਂ 'ਚ ਵੀ ਵੈਕਸੀਨ ਦੀ ਡੋਜ਼ ਪਈ ਹੈ। ਜ਼ਿਲ੍ਹੇ 'ਚ 2830764 ਕੁੱਲ ਡੋਜ਼ ਲੱਗੀ। ਇਨ੍ਹਾਂ 'ਚ 1608902 ਪਹਿਲੀ ਅਤੇ 1201799 ਦੂਸਰੀ ਅਤੇ 20063 ਬੂਸਟਰ ਡੋਜ਼ ਪਈ ਹੈ।