ਜਤਿੰਦਰ ਪੰਮੀ, ਜਲੰਧਰ

ਸਿਹਤ ਵਿਭਾਗ ਵੱਲੋਂ ਕੋਰੋਨਾ ਮਹਾਮਾਰੀ ਦੀ ਪਹਿਲੇ ਪੜਾਅ ਦੀ ਚੱਲ ਰਹੀ ਵੈਕਸੀਨੇਸ਼ਨ ਮੁਹਿੰਮ ਤਹਿਤ ਸੋਮਵਾਰ ਨੂੰ ਸਰਕਾਰੀ ਸਿਹਤ ਕੇਂਦਰ ਵੈਕਸੀਨ ਲਵਾਉਣ 'ਚ ਫਿਰ ਫਾਡੀ ਰਹੇ ਅਤੇ ਨਿੱਜੀ ਹਸਪਤਾਲਾਂ 'ਚ ਵੈਕਸੀਨ ਦਾ ਕੰਮ ਸਰਕਾਰੀ ਦੇ ਮੁਕਾਬਲੇ ਚਾਰ ਗੁਣਾ ਵਧ ਹੋਇਆ। ਹਾਲਾਂਕਿ ਇਹ ਚਰਚਾ ਵੀ ਰਹੀ ਕਿ ਨਿੱਜੀ ਹਸਪਤਾਲਾਂ ਵਾਲੇ ਨੰਬਰ ਬਣਾਉਣ ਦੇ ਚੱਕਰ ਵਿਚ ਗੈਰ-ਸਿਹਤ ਮੁਲਾਜ਼ਮਾਂ ਨੂੰ ਵੀ ਵੈਕਸੀਨ ਲਾ ਰਹੇ ਹਨ। ਓਧਰ ਸਿਵਲ ਸਰਜਨ ਨੇ ਇਨ੍ਹਾਂ ਚਰਚਾਵਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੋਇਆ। ਸੋਮਵਾਰ ਨੂੰ 27 ਨਿੱਜੀ ਹਸਪਤਾਲਾਂ ਤੇ ਸਰਕਾਰੀ ਸਿਹਤ ਕੇਂਦਰਾਂ ਵਿਚ ਕੁੱਲ 878 ਸਿਹਤ ਮੁਲਾਜ਼ਮਾਂ ਨੂੰ ਵੈਕਸੀਨ ਲਾਈ ਗਈ। ਇਨ੍ਹਾਂ ਵਿਚੋਂ 17 ਕੇਂਦਰ ਨਿੱਜੀ ਹਸਪਤਾਲਾਂ 'ਚ ਬਣੇ ਹੋਏ ਹਨ ਅਤੇ 10 ਸਰਕਾਰੀ ਹਸਪਤਾਲਾਂ ਬਣੇ ਹਨ। ਨਿੱਜੀ ਹਸਪਤਾਲਾਂ 'ਚ 715 ਸਿਹਤ ਕਾਮਿਆਂ ਨੂੰ ਵੈਕਸੀਨ ਲਾਈ ਗਈ ਜਦੋਂਕਿ ਸਰਕਾਰੀ ਸਿਹਤ ਕੇਂਦਰਾਂ ਵਿਚ 163 ਸਿਹਤ ਕਾਮਿਆਂ ਨੂੰ ਹੀ ਵੈਕਸੀਨ ਲਾਈ ਗਈ। ਨਿੱਜੀ ਹਸਪਤਾਲਾਂ ਵਿਚੋਂ ਕੈਪੀਟੋਲ ਹਸਪਤਾਲ ਅਤੇ ਸਰਕਾਰੀ ਵਿਚੋਂ ਸ਼ਾਹਕੋਟ ਤੇ ਸਬ-ਡਵੀਜ਼ਨ ਹਸਪਤਾਲ ਨਕੋਦਰ 'ਚ ਵੀ ਕਿਸੇ ਨੇ ਵੈਕਸੀਨ ਨਹੀਂ ਲਵਾਈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ 27 ਵੱਖ-ਵੱਖ ਥਾਵਾਂ 'ਤੇ ਬਣੇ ਸਰਕਾਰੀ ਤੇ ਨਿੱਜੀ ਵੈਕਸੀਨ ਸੈਂਟਰਾਂ ਵਿਚ 878 ਸਿਹਤ ਮੁਲਾਜ਼ਮਾਂ ਨੇ ਵੈਕਸੀਨ ਲਵਾਈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਗਣਤੰਤਰ ਦਿਵਸ ਦੀ ਛੁੱਟੀ ਹੋਣ ਕਰਕੇ ਵੈਕਸੀਨ ਨਹੀਂ ਲਾਈ ਜਾਵੇਗੀ।

ਨਿੱਜੀ ਹਸਪਤਾਲ

ਜੀਟੀਬੀ ਹਸਪਤਾਲ 04

ਜੌਹਲ ਹਸਪਤਾਲ 24

ਐੱਨਐੱਚਐੱਸ 40

ਪਟੇਲ ਹਸਪਤਾਲ 70

ਸੈਕਰਡ ਹਾਰਟ 100

ਗੁਰੂ ਨਾਨਕ ਮਿਸ਼ਨ 37

ਕਿਡਨੀ ਹਸਪਤਾਲ 29

ਜੋਸ਼ੀ ਹਸਪਤਾਲ 75

ਘਈ ਹਸਪਤਾਲ 40

ਟੈਗੋਰ ਹਸਪਤਾਲ 59

ਪਿਮਸ 12

ਐੱਸਜੀਐੱਲ 33

ਸ਼੍ਰੀਮਨ 14

ਕੈਪੀਟੋਲ 00

ਗੁਲਾਬ ਦੇਵੀ 20

ਗਲੋਬਲ ਹਸਪਤਾਲ 120

ਇੰਨੋਸੈਂਟ ਹਾਰਟਸ 38

ਸਰਕਾਰੀ ਸਿਹਤ ਕੇਂਦਰ

ਸ਼ਾਹਕੋਟ 00

ਲੋਹੀਆਂ ਖਾਸ 09

ਬੁੰਡਾਲਾ 14

ਕਰਤਾਰਪੁਰ 09

ਕਾਲਾ ਬੱਕਰਾ 22

ਆਦਮਪੁਰ 20

ਫਿਲੌਰ 09

ਦਾਦਾ ਕਾਲੋਨੀ 10

ਈਐੱਸਆਈ 70

ਐੱਸਡੀਐੱਚ ਨਕੋਦਰ 00

ਕੋਰੋਨਾ ਨਾਲ ਇਕ ਮੌਤ, 24 ਪਾਜ਼ੇਟਿਵ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੋਰੋਨਾ ਵਾਇਰਸ ਮਹਾਮਾਰੀ ਨੇ ਇਕ ਦਿਨ ਦੀ ਰਾਹਤ ਤੋਂ ਬਾਅਦ ਅੱਜ ਫਿਰ ਇਕ ਮਰੀਜ਼ ਦੀ ਜਾਨ ਲੈ ਲਈ ਅਤੇ 24 ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਓਧਰ ਅੱਜ ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ ਵਿਚੋਂ 24 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਬਾਅਦ ਦੁਪਹਿਰ ਆਈਆਂ ਰਿਪੋਰਟਾਂ ਵਿਚ 24 ਵਿਅਕਤੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਇਨ੍ਹਾਂ ਵਿਚੋਂ 15 ਜ਼ਿਲ੍ਹੇ ਨਾਲ ਸਬੰਧਤ ਹਨ ਅਤੇ 9 ਬਾਹਰਲੇ ਇਲਾਕਿਆਂ 'ਚੋਂ ਹਨ। ਮਰੀਜ਼ਾਂ 'ਚ ਨਿਊ ਜੀਟੀਬੀ ਨਗਰ ਤੋਂ 2 ਮਰੀਜ਼ ਸ਼ਾਮਲ ਹਨ ਜਦੋਂਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਇਲਾਵਾ ਪਿੰਡਾਂ ਤੋਂ ਵੀ ਮਰੀਜ਼ ਸਾਹਮਣੇ ਆਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਕੋਰੋਨਾ ਦੇ 24 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 15 ਕੇਸ ਜ਼ਿਲ੍ਹੇ ਦੇ ਹਨ ਜਦੋਂਕਿ 9 ਮਰੀਜ਼ ਬਾਹਰਲੇ ਇਲਾਕਿਆਂ ਤੋਂ ਹਨ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਮੌਤ ਨਾ ਹੋਣ ਕਾਰਨ ਸਿਹਤ ਵਿਭਾਗ ਨੇ ਰਾਹਤ ਮਹਿਸੂਸ ਕੀਤੀ ਸੀ ਪਰ ਅੱਜ ਫਿਰ ਇਕ ਮਰੀਜ਼ ਦੀ ਮੌਤ ਹੋ ਗਈ।

ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 20510 ਤਕ ਪੁੱਜ ਗਈ ਅਤੇ ਮੌਤਾਂ ਦਾ ਅੰਕੜਾ 668 ਹੋ ਗਿਆ। ਸੋਮਵਾਰ ਨੂੰ 1201 ਲੋਕਾਂ ਦੇ ਸੈਂਪਲ ਲੈ ਕੇ ਭੇਜੇ ਗਏ, ਜਿਸ ਨਾਲ ਹੁਣ ਤਕ ਭੇਜੇ ਗਏ ਸੈਂਪਲਾਂ ਦੀ ਗਿਣਤੀ 507113 ਹੋ ਗਈ ਅਤੇ 1844 ਲੋਕਾਂ ਦੇ ਸੈਂਪਲ ਨੈਗੇਟਿਵ ਪਾਏ ਗਏ ਤੇ ਹੁਣ ਤਕ ਨੈਗੇਵਿਟ ਪਾਏ ਗਏ ਸੈਂਪਲਾਂ ਦਾ ਅੰਕੜਾ 506059 ਤਕ ਪੁੱਜ ਗਿਆ। ਉਨ੍ਹਾਂ ਦੱਸਿਆ ਕਿ 24 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜਿਆ ਗਿਆ, ਜਿਸ ਨਾਲ ਘਰ ਭੇਜੇ ਗਏ ਮਰੀਜ਼ਾਂ ਦੀ ਗਿਣਤੀ 19660 ਹੋ ਗਈ।

ਬੱਚੇ 00

ਅੌਰਤਾਂ 4

ਪੁਰਸ਼ 11

ਕੁੱਲ 15

ਬਾਹਰਲੇ 9