ਸਿੰਪੀ ਪਰਾਸ਼ਰ, ਫਿਲੌਰ : ਸ਼ਨਿੱਚਰਵਾਰ ਨੂੰ ਸਿਹਤ ਵਿਭਾਗ ਦਾ ਇਕ ਹੋਰ ਕਾਰਨਾਮਾ ਉਸ ਵੇਲੇ ਸਾਹਮਣੇ ਆਇਆ ਜਦ ਇਕ ਮਰੀਜ਼ ਦੀ ਜਲੰਧਰ ਤੋਂ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਜਦਕਿ ਉਸੇ ਦਿਨ ਅੰਮਿ੍ਤਸਰ ਤੋਂ ਕਰਵਾਈ ਗਈ ਕੋਰੋਨਾ ਜਾਂਚ 'ਚ ਉਹ ਨੈਗੇਟਿਵ ਪਾਇਆ ਗਿਆ। ਪਿੰਡ ਨੰਗਲ ਦਾ ਰਹਿਣ ਵਾਲਾ ਜੋਗਿੰਦਰ ਪਾਲ 6 ਅਗਸਤ ਨੂੰ ਬਿਮਾਰ ਹੋ ਗਿਆ। ਪਰਿਵਾਰ ਵਾਲੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਲਏ ਗਏ ਜਿੱਥੇ 7 ਅਗਸਤ ਨੂੰ ਡਾਕਟਰਾਂ ਨੇ ਉਸ ਦਾ ਕੋਰੋਨਾ ਟੈਸਟ ਕੀਤਾ ਤਾਂ ਉਸ ਨੂੰ ਪਾਜ਼ੇਟਿਵ ਦੱਸਕੇ ਜੀਐੱਮਸੀ ਅੰਮਿ੍ਤਸਰ ਰੈਫਰ ਕਰ ਦਿੱਤਾ। ਉੱਥੇ ਦੇ ਡਾਕਟਰ ਨੂੰ ਦਾਖਲ ਕਰਦਿਆਂ ਉਸੇ ਦਿਨ ਹੀ ਉਸ ਦਾ ਦੁਬਾਰਾ ਕੋਰੋਨਾ ਟੈਸਟ ਕੀਤਾ ਤਾਂ ਉਨ੍ਹਾਂ ਨੇ ਰਿਪੋਰਟ ਨੈਗਟਿਵ ਦੱਸੀ। ਮਰੀਜ਼ ਨੂੰ ਆਮ ਲੋਕਾਂ ਦੇ ਵਾਰਡ ਵਿਚ ਰੱਖ ਕੇ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਜਦ ਡਾਕਟਰਾਂ ਨੂੰ ਦੱਸਿਆ ਕਿ ਸਿਵਲ ਹਸਪਤਾਲ ਵਾਲੇ ਰਿਪੋਰਟ ਪਾਜ਼ੇਟਿਵ ਦਸ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਰਿਪੋਰਟ ਸਰਾਸਰ ਗਲਤ ਹੈ। ਮਰੀਜ਼ ਦੇ ਪਰਿਵਾਰ ਵਾਲੇ ਉਸ ਸਮੇਂ ਦੁੱਚਿਤੀ 'ਚ ਫੱਸ ਗਏ ਜਦ ਸਹਿਤ ਵਿਭਾਗ ਦੀ ਟੀਮ ਉਸ ਦੇ ਘਰ ਪਹੁੰਚ ਗਈ ਅਤੇ ਉਸਨੇ ਪਰਿਵਾਰ ਦੇ ਜੀਆਂ ਨੂੰ ਸਾਵਧਾਨੀ ਦੇ ਤੌਰ 'ਤੇ ਆਪਸ ਵਿਚ ਦੂਰੀ ਬਣਾ ਕੇ ਰੱਖਣ ਲਈ ਕਿਹਾ ਕਿਉਂਕਿ ਉਨ੍ਹਾਂ ਦਾ ਪਰਿਵਾਰਕ ਮੈਂਬਰ ਕੋਰੋਨਾ ਪਾਜ਼ੇਟਿਵ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪੂਰੇ ਪਰਿਵਾਰ ਨੂੰ ਕੁਆਰੰਟਾਈਨ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਟੀਮ ਦਾ ਵਿਰੋਧ ਕਰਦਿਆਂ ਕਿਹਾ ਉਹ ਆਪਣੇ ਘਰ ਦੇ ਬਾਹਰ ਕੋਵਿਡ-19 ਦਾ ਸਟਿੱਕਰ ਨਹੀਂ ਲਗਵਾਉਣਗੇ। ਉਨ੍ਹਾਂ ਨੇ ਟੀਮ ਨੂੰ ਨੈਗਟਿਵ ਰਿਪੋਰਟ ਵੀ ਦਿਖਾਈ। ਮੌਕੇ 'ਤੇ ਸਾਬਕਾ ਸਰਪੰਚ ਖੁਸ਼ੀ ਰਾਮ ਵੀ ਪਹੁੰਚ ਗਿਆ। ਇਸ ਸਬੰਧੀ ਜਦ ਸਿਹਤ ਵਿਭਾਗ ਦੀ ਟੀਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੀ ਰਿਪੋਰਟ ਪਾਜ਼ੇਟਿਵ ਹੈ ਜਿਸ ਕਾਰਨ ਉਨ੍ਹਾਂ ਨੂੰ ਘਰ ਦੇ ਬਾਹਰ ਕੁਆਰੰਟਾਈਨ ਦਾ ਸਟਿੱਕਰ ਲਗਾਉਣ ਦਾ ਆਦੇਸ਼ ਮਿਲਿਆ ਹੈ। ਜਦ ਟੀਮ ਨੂੰ ਕਿਹਾ ਗਿਆ ਕਿ ਅੰਮਿ੍ਤਸਰ ਦੇ ਹਸਪਤਾਲ ਦੀ ਰਿਪੋਰਟ ਨੈਗਟਿਵ ਆਈ ਹੈ ਤਾਂ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਉਨ੍ਹਾਂ ਦੀ ਰਿਪੋਰਟ ਗਲਤ ਹੋਵੇ। ਜਦ ਅੰਮਿ੍ਤਸਰ ਦੇ ਹਸਪਤਾਲ 'ਚ ਉੱਥੇ ਦੇ ਡਾਕਟਰਾਂ ਨਾਲ ਗੱਲ ਕਾਰਵਾਈ ਤਾਂ ਉਨ੍ਹਾਂ ਨੇ ਕਿਹਾ ਕਿ ਸਿਵਲ ਹਸਪਤਾਲ ਜਲੰਧਰ ਦੀ ਰਿਪੋਰਟ ਗਲਤ ਹੈ। ਹਾਲਾਂਕਿ ਸਿਵਲ ਹਸਪਤਾਲ ਦੇ ਨੋਡਲ ਅਫਸਰ ਡਾ. ਭੂਪਿੰਦਰ ਸਿੰਘ ਦਾ ਕਹਿਣਾ ਹੈ ਕਿ ਮਰੀਜ਼ ਦੀ ਰਿਪੋਰਟ ਉਸਦੇ ਨਾਂ ਤੇ ਉਸਨੂੰ ਦਿੱਤੇ ਆਈਡੀ ਨੰਬਰ ਤੋਂ ਪਛਾਣੀ ਜਾਂਦੀ ਹੈ। ਉਹ ਰਿਪੋਰਟ ਦੇਖ ਕੇ ਹੀ ਇਸ ਸਬੰਧ 'ਚ ਕੁੱਝ ਕਹਿ ਸਕਦੇ ਹਨ। ਹੁਣ ਮਰੀਜ਼ ਅਤੇ ਉਸ ਦੇ ਪਰਿਵਾਰ ਵਾਲੇ ਸਮਝ ਨਹੀਂ ਪਾ ਰਹੇ ਕਿ ਮਰੀਜ਼ ਦਾ ਇਲਾਜ ਕਿਸ ਬਿਮਾਰੀ ਦਾ ਹੋਵੇਗਾ।