ਜਤਿੰਦਰ ਪੰਮੀ, ਜਲੰਧਰ

ਕੋਰੋਨਾ ਇਕ ਵਾਰ ਫਿਰ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਗਿ੍ਫ਼ਤ 'ਚ ਲੈਣ ਲੱਗਾ ਹੈ। ਮੰਗਲਵਾਰ ਨੂੰ ਜਿਮਖਾਨਾ ਕਲੱਬ ਦੇ ਖਜ਼ਾਨਚੀ ਤੇ ਉਨ੍ਹਾਂ ਦੀ ਪਤਨੀ ਅਤੇ ਨਿੱਜੀ ਸਕੂਲ ਦੇ ਸਟਾਫ ਦੇ ਤਿੰਨ ਮੈਂਬਰਾਂ ਸਮੇਤ 35 ਵਿਅਕਤੀਆਂ ਨੂੰ ਕੋਰੋਨਾ ਹੋਣ ਦਾ ਮਾਮਲਾ ਸਾਹਮਣੇ ਆਇਆ। ਅੱਜ ਕਿਸੇ ਵੀ ਕੋਰੋਨਾ ਮਰੀਜ਼ ਦੀ ਮੌਤ ਨਾ ਹੋਣ ਨਾਲ ਮਰੀਜ਼ਾਂ ਤੇ ਸਿਹਤ ਵਿਭਾਗ ਨੇ ਸੁੱਖ ਦਾ ਸਾਹ ਲਿਆ ਜਦੋਂਕਿ 25 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਤੋਰ ਦਿੱਤਾ ਗਿਆ। ਸਿਹਤ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਜਿਮਖਾਨਾ ਕਲੱਬ ਦੇ ਖਜ਼ਾਨਚੀ ਅਮਿਤ ਕੁਕਰੇਜਾ ਤੇ ਉਨ੍ਹਾਂ ਦੀ ਪਤਨੀ ਅਤੇ ਪਿੰਡ ਗਾਖਲ ਦੇ ਨਿੱਜੀ ਸਕੂਲ ਦੇ ਤਿੰਨ ਮੈਂਬਰਾਂ ਨੂੰ ਕੋਰੋਨਾ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਆਪਣੇ ਖਜ਼ਾਨਚੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਜਿਮਖਾਨਾ ਕਲੱਬ ਦੇ ਮੈਂਬਰਾਂ ਤੇ ਅਹੁਦੇਦਾਰਾਂ 'ਚ ਹਫੜਾ-ਦਫੜੀ ਮਚੀ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲਿਆਂ 'ਤੇ ਕੋਰੋਨਾ ਵਾਇਰਸ ਦੀ ਤਲਵਾਰ ਲਟਕ ਰਹੀ ਹੈ। ਉੱਥੇ ਹੀ ਅੱਜ ਨਿਊ ਨਗਰ ਦੇ ਇਕ ਪਰਿਵਾਰ ਦੇ ਚਾਰ ਤੇ ਰਜਿੰਦਰ ਨਗਰ ਤੇ ਬਿਲਗਾ 'ਚ ਇਕ ਪਰਿਵਾਰ ਦੇ ਦੋ ਮੈਂਬਰਾਂ ਨੂੰ ਕੋਰੋਨਾ ਹੋਇਆ। ਇਨ੍ਹਾਂ ਤੋਂ ਇਲਾਵਾ ਕਰਤਾਰਪੁਰ, ਜੀਟੀਬੀ ਨਗਰ, ਆਦਮਪੁਰ, ਸ਼ਾਹਕੋਟ ਤੇ ਗਾਖਲ ਤੋਂ ਤਿੰਨ-ਤਿੰਨ ਵਿਅਕਤੀ ਕੋਰੋਨਾ ਮਰੀਜ਼ਾਂ ਦੀ ਸੂਚੀ ਵਿਚ ਸ਼ਾਮਲ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਨੋਡਲ ਅਫ਼ਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਮਾਸਕ ਪਾਉਣ, ਦੋ ਮੀਟਰ ਦੀ ਦੂਰੀ ਰੱਖਣ ਅਤੇ ਵਾਰ-ਵਾਰ ਹੱਥ ਧੋਣ ਦੇ ਨਿਯਮਾਂ ਦੀ ਪਾਲਣਾ ਨਾ ਕੀਤੇ ਜਾਣ ਕਾਰਨ ਮਰੀਜ਼ਾਂ ਦੀ ਗਿਣਤੀ ਫਿਰ ਵਧਣ ਲੱਗੀ ਹੈ। ਮੰਗਲਵਾਰ ਨੂੰ ਸਿਹਤ ਵਿਭਾਗ ਨੇ 3634 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਨਿੱਜੀ ਤੇ ਸਰਕਾਰੀ ਲੈਬਾਰਟਰੀਆਂ ਵਿਚ ਭੇਜੇ ਹਨ। ਉਥੇ ਹੀ ਲੈਬਾਰਟਰੀਆਂ ਤੋਂ ਆਈਆਂ ਰਿਪੋਰਟਾਂ ਵਿਚ 35 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ, ਜਿਸਦੇ ਨਾਲ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸੰਖਿਆ 21321 ਹੋ ਗਈ ਜਦੋਂਕਿ 1182 ਨੈਗੇਟਿਵ ਆਏ। ਕੋਰੋਨਾ ਖ਼ਿਲਾਫ਼ ਜੰਗ ਜਿੱਤ ਕੇ ਘਰ ਜਾਣ ਵਾਲਿਆਂ ਦੀ ਗਿਣਤੀ 20251 ਤੇ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 699 ਤਕ ਪੁੱਜ ਚੁੱਕਾ ਹੈ।

ਬੱਚੇ 01

ਅੌਰਤਾਂ 14

ਪੁਰਸ਼ 20

ਕੋਰੋਨਾ ਵੈਕਸੀਨ ਲਵਾਉਣ 'ਚ ਦਿਹਾਤੀ ਪੁਲਿਸ ਪਿੱਛੜੀ

ਜਲੰਧਰ : ਕੋਰੋਨਾ ਖ਼ਿਲਾਫ਼ ਜੰਗ ਲੜਨ ਵਾਲੇ ਸਿਹਤ ਮੁਲਾਜ਼ਮ ਨੂੰ ਵੈਕਸੀਨ ਦੀ ਦੂਜੀ ਡੋਜ਼ ਲਾਉਣ ਲਈ ਸਿਹਤ ਵਿਭਾਗ ਤੇਜ਼ੀ ਨਾਲ ਰਫ਼ਤਾਰ ਫੜਨ ਲੱਗਾ ਹੈ, ਉਥੇ ਹੀ ਕੋਰੋਨਾ ਵੈਕਸੀਨ ਲਵਾਉਣ 'ਚ ਜਲੰਧਰ ਦਿਹਾਤੀ ਪੁਲਿਸ ਕਾਫੀ ਪਿੱਛੜੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿਚ 1931 ਪੁਲਿਸ ਮੁਲਾਜ਼ਮਾਂ ਨੇ ਕੋਰੋਨਾ ਦੀ ਵੈਕਸੀਨ ਲਵਾਉਣ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਉਨ੍ਹਾਂ ਵਿਚੋਂ ਸਿਰਫ਼ 137 ਨੇ ਹੀ ਕੋਰੋਨਾ ਵੈਕਸੀਨ ਲਵਾਈ ਜੋ ਕਿ ਕੁੱਲ ਗਿਣਤੀ ਦਾ ਸਿਰਫ਼ 7 ਫ਼ੀਸਦੀ ਬਣਦਾ ਹੈ। ਓਧਰ ਮੰਗਲਵਾਰ ਨੂੰ ਸਰਕਾਰੀ ਤੇ ਗ਼ੈਰ-ਸਰਕਾਰੀ ਹਸਪਤਾਲਾਂ 'ਚ 21 ਸੈਂਟਰ ਸਥਾਪਤ ਕੀਤੇ ਗਏ। ਇਸ ਦੌਰਾਨ ਦਿਹਾਤੀ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਨਿਗਰਾਨ ਇੰਜੀਨੀਅਰ ਨਰਿੰਦਪਾਲ ਸਿੰਘ ਤੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਐੱਸਐੱਸ ਨਾਂਗਲ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਵਾਈ। ਸੈਂਟਰਾਂ ਵਿਚ 1506 ਲਾਭਪਾਤਰੀਆਂ ਨੂੰ ਕੋਰੋਨਾ ਵੈਕਸੀਨ ਲਾਈ ਗਈ। ਇਨ੍ਹਾਂ ਵਿਚ ਪਹਿਲੀ ਡੋਜ਼ ਲਵਾਉਣ ਵਾਲੇ ਸਿਹਤ ਮੁਲਾਜ਼ਮ 158 ਤੇ ਦੂਸਰੀ ਡੋਜ਼ ਲਵਾਉਣ ਵਾਲੇ 936 ਸ਼ਾਮਲ ਹਨ। ਉਥੇ ਹੀ 412 ਫਰੰਟ ਲਾਈਨ ਵਰਕਰਾਂ ਨੇ ਵੈਕਸੀਨ ਲਵਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਕਾਲ ਦੌਰਾਨ ਸੇਵਾਵਾਂ ਦੇਣ ਵਾਲੇ ਸਿੱਖਿਆ ਵਿਭਾਗ ਸਮੇਤ ਪੰਜ ਹੋਰ ਵਿਭਾਗਾਂ ਨੂੰ ਵੀ ਫਰੰਟ ਲਾਈਨ ਵਰਕਰਾਂ ਵਿਚ ਸ਼ਾਮਲ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਸੂਚੀਆਂ ਮੰਗਵਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਹਾਲਾਂਕਿ ਇਨ੍ਹਾਂ ਨੂੰ ਅਪਲੋਡ ਕਰਨ ਲਈ ਕੋਵਿਨ ਐਪ ਹਾਲੇ ਨਹੀਂ ਖੁੱਲ੍ਹੀ ਹੈ।

ਫਰੰਟ ਲਾਈਨ ਵਾਰੀਅਰਜ਼ ਨੂੰ ਲੱਗੀ ਵੈਕਸੀਨ

ਪੁਲਿਸ ਕੁੱਲ ਗਿਣਤੀ ਵੈਕਸੀਨ ਲੱਗੀ ਫੀਸਦੀ

ਕਮਿਸ਼ਨਰੇਟ ਪੁਲਿਸ 3345 1778 53

ਦਿਹਾਤ ਪੁਲਿਸ 1931 137 7

ਆਪਣੀਆਂ ਕੀਮਤੀ ਜਾਨਾਂ ਬਚਾਉਣ ਲਈ ਸਾਵਧਾਨੀਆਂ ਤੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ : ਸੀਪੀ

- ਕਿਹਾ, ਕਮਿਸ਼ਨਰੇਟ ਪੁਲਿਸ ਮੁੱਖ ਮੰਤਰੀ ਵੱਲੋਂ ਜਾਰੀ ਨਵੀਆਂ ਹਦਾਇਤਾਂ ਲਾਗੂ ਕਰਨ ਲਈ ਤਿਆਰ

ਰਾਕੇਸ਼ ਗਾਂਧੀ, ਜਲੰਧਰ

ਪੁਲਿਸ ਕਮਿਸਨਰ ਗੁਰਪ੍ਰਰੀਤ ਸਿੰਘ ਭੁੱਲਰ ਨੇ ਅੱਜ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਆਪਣੀਆਂ ਕੀਮਤੀ ਜਾਨਾਂ ਬਚਾਉਣ ਲਈ ਕੋਵਿਡ ਸਾਵਧਾਨੀਆਂ ਅਤੇ ਪ੍ਰਰੋਟੋਕਾਲਜ਼ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਥੇ ਜਾਰੀ ਬਿਆਨ 'ਚ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਦੇ ਮਾਮਲਿਆਂ 'ਚ ਹੋਏ ਵਾਧੇ ਦੇ ਮੱਦੇਨਜ਼ਰ ਲੋਕਾਂ ਨੂੰ ਵਾਇਰਸ ਤੋਂ ਬਚਾਅ ਲਈ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਸਮੇਂ ਲੋਕਾਂ ਨੂੰ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਆਤਮ ਸੰਜਮ ਦੀ ਵਰਤੋਂ ਕਰਨੀ ਚਾਹੀਦੀ ਹੈ। ਸੀਪੀ ਭੁੱਲਰ ਨੇ ਕਿਹਾ ਕਿ ਪੁਲਿਸ ਵੱਲੋਂ ਲਾਜ਼ਮੀ ਕੋਵਿਡ ਪ੍ਰਰੋਟੋਕਾਲਜ਼ ਨੂੰ ਲਾਗੂ ਕਰਨ ਲਈ ਆਪਣਾ ਫਰਜ਼ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ ਪਰ ਲੋਕਾਂ ਨੂੰ ਵੀ ਕੋਰੋਨਾ ਖ਼ਿਲਾਫ ਜੰਗ ਜਿੱਤਣ ਲਈ ਸਵੈਇੱਛਤ ਤੌਰ 'ਤੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਨੂੰ ਹੋਰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਤੇ ਮਾਸਕ ਪਹਿਨਣਾ ਚਾਹੀਦਾ ਹੈ ਅਤੇ ਜਨਤਕ ਥਾਵਾਂ 'ਤੇ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਾਸੀਆਂ ਨੇ ਪਹਿਲਾਂ ਹੀ ਕੋਰੋਨਾ ਵਾਇਰਸ ਦਾ ਸਫਲਤਾਪੂਰਵਕ ਟਾਕਰਾ ਕੀਤਾ ਹੈ ਅਤੇ ਹੁਣ ਜਦੋਂ ਵਾਇਰਸ ਦਾ ਖਤਰਾ ਇਕ ਵਾਰ ਫਿਰ ਵਧ ਰਿਹਾ ਹੈ ਤਾਂ ਲੋਕਾਂ ਦੀ ਭੂਮਿਕਾ ਵੀ ਕਈ ਗੁਣਾ ਵਧ ਗਈ ਹੈ। ਭੁੱਲਰ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ-19 ਨੂੰ ਹੋਰ ਫੈਲਣ ਤੋਂ ਰੋਕਣ ਲਈ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਸੂਬੇ ਨੂੰ ਇਸ ਦੇ ਕਹਿਰ ਤੋਂ ਬਚਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਜਲੰਧਰ ਕਮਿਸ਼ਨਰੇਟ ਪੁਲਿਸ ਨਵੀਂ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਜਾਰੀ ਹਦਾਇਤਾਂ ਨੂੰ ਲੋਕਾਂ ਦੇ ਹਿੱਤ ਵਿਚ ਇੰਨ-ਬਿੰਨ ਲਾਗੂ ਕੀਤਾ ਜਾਵੇਗਾ।