v> ਜਤਿੰਦਰ ਪੰਮੀ, ਜਲੰਧਰ : ਦੇਸ਼ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਘਟਣ ਦੇ ਦਾਅਵਿਆਂ ਦੌਰਾਨ ਬੁੱਧਵਾਰ ਨੂੰ ਪੰਜਾਬ 'ਚ ਕੋਰੋਨਾ ਨੇ ਪੂਰਾ ਕਹਿਰ ਵਰਤਾਇਆ। ਮਹਾਮਾਰੀ ਨਾਲ 182 ਮਰੀਜ਼ਾਂ ਦੀ ਜਾਨ ਚਲੀ ਗਈ ਤੇ 8015 ਲੋਕ ਕੋਰੋਨਾ ਦੀ ਲਪੇਟ ਵਿਚ ਆਏ। ਹਾਲਾਂਕਿ 6701 ਮਰੀਜ਼ਾਂ ਨੇ ਕੋਰੋਨਾ ਖ਼ਿਲਾਫ਼ ਜੰਗ ਜਿੱਤ ਕੇ ਘਰ ਵਾਪਸੀ ਵੀ ਕੀਤੀ। ਮਈ ਮਹੀਨੇ 'ਚ ਸੂਬੇ ਅੰਦਰ ਮਰੀਜ਼ਾਂ ਦੀਆਂ ਮੌਤਾਂ ਤੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਰੋਜ਼ਾਨਾ ਮਰੀਜ਼ਾਂ ਦੀਆਂ ਮੌਤਾਂ ਦਾ ਅੰਕੜਾ 100 ਤੋਂ ਵੱਧਦਾ-ਵੱਧਦਾ ਅੱਜ 200 ਦੇ ਕਰੀਬ ਪੁੱਜ ਗਿਆ। ਮੌਤਾਂ ਦੀ ਵਧਦੀ ਗਿਣਤੀ ਤੇ ਕੇਸਾਂ 'ਚ ਹੋ ਰਹੇ ਵਾਧੇ ਕਾਰਨ ਸੂਬੇ ਭਰ 'ਚ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਮੁਤਾਬਕ ਅੱਜ ਆਈਆਂ ਰਿਪੋਰਟਾਂ 'ਚ ਸੂਬੇ ਦੇ 8015 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਅਤੇ 182 ਮਰੀਜ਼ਾਂ ਦੀ ਮੌਤ ਹੋ ਗਈ। ਇਕ ਦਿਨ 'ਚ ਪਾਜ਼ੇਟਿਵ ਕੇਸ ਤੇ ਮੌਤਾਂ ਹੋਣ ਦਾ ਇਹ ਹੁਣ ਤਕ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਦੇ ਨਾਲ ਪੰਜਾਬ 'ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 9825 ਤਕ ਪੁੱਜ ਗਈ ਅਤੇ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਵੀ 4 ਲੱਖ ਤੋਂ ਟੱਪ ਕੇ 4,07,509 ਹੋ ਗਿਆ ਜਦੋਂਕਿ 3,34,677 ਲੋਕ ਠੀਕ ਹੋ ਚੁੱਕੇ ਹਨ। ਅੱਜ ਸਭ ਤੋਂ ਵੱਧ ਮੌਤਾਂ ਬਠਿੰਡੇ ਜ਼ਿਲ੍ਹੇ 'ਚ ਹੋਈਆਂ, ਜਿੱਥੇ 21 ਮਰੀਜ਼ਾਂ ਦੀ ਮੌਤ ਹੋਈ ਜਦੋਂਕਿ ਲੁਧਿਆਣਾ, ਪਟਿਆਲਾ ਤੇ ਸੰਗਰੂਰ 'ਚ 19-19, ਅੰਮਿ੍ਤਸਰ 'ਚ 18, ਮੋਹਾਲੀ 'ਚ 17, ਫਾਜ਼ਿਲਕਾ 'ਚ 10, ਜਲੰਧਰ ਤੇ ਮੁਕਤਸਰ 'ਚ 9-9, ਹੁਸ਼ਿਆਰਪੁਰ 'ਚ 7, ਪਠਾਨਕੋਟ 'ਚ 6, ਫਰੀਦਕੋਟ, ਗੁਰਦਾਸਪੁਰ ਤੇ ਕਪੂਰਥਲਾ 'ਚ 4-4, ਮਾਨਸਾ ਤੇ ਨਵਾਂਸ਼ਹਿਰ 'ਚ 3-3, ਫਤਿਹਗੜ੍ਹ ਸਾਹਿਬ 'ਚ 2 ਤੇ ਮੋਗਾ ਤੇ ਤਰਨਤਾਰਨ 'ਚ 1-1 ਮਰੀਜ਼ ਦੀ ਮੌਤ ਹੋਈ। ਪਾਜ਼ੇਟਿਵ ਪਾਏ ਗਏ ਮਰੀਜ਼ਾਂ ਵਿਚ ਸਭਾ ਤੋਂ ਵੱਧ ਮਰੀਜ਼ ਲੁਧਿਆਣੇ ਜ਼ਿਲ੍ਹੇ ਦੇ ਹਨ, ਜਿੱਥੇ 1186 ਲੋਕ ਪਾਜ਼ੇਟਿਵ ਆਏ। ਇਸ ਤੋਂ ਇਲਾਵਾ ਮੋਹਾਲੀ ਤੋਂ 1056, ਅੰਮਿ੍ਤਸਰ ਤੋਂ 932, ਜਲੰਧਰ ਤੋਂ 816, ਪਟਿਆਲਾ ਤੋਂ 696, ਬਠਿੰਡਾ ਤੋਂ 692, ਹੁਸ਼ਿਆਰਪੁਰ ਤੋਂ 361, ਮਾਨਸਾ ਤੋਂ 338, ਫਾਜ਼ਿਲਕਾ ਤੋਂ 317, ਮੁਕਤਸਰ ਤੋਂ 268, ਸੰਗਰੂਰ ਤੋਂ 248, ਰੂਪਨਗਰ ਤੋਂ 191, ਨਵਾਂਸ਼ਹਿਰ ਤੋਂ 125, ਮੋਗਾ ਤੋਂ 112, ਪਠਾਨਕੋਟ ਤੇ ਗੁਰਦਾਸਪੁਰ ਤੋਂ 100-100, ਤਰਨਤਾਰਨ ਤੋਂ 91, ਕਪੂਰਥਲਾ ਤੇ ਫਰੀਦਕੋਟ ਤੋਂ 88-88, ਫਤਿਹਗੜ੍ਹ ਸਾਹਿਬ ਤੋਂ 85, ਫਿਰੋਜ਼ਪੁਰ ਤੋਂ 56 ਅਤੇ ਬਰਨਾਲਾ ਤੋਂ 47 ਮਰੀਜ਼ ਪਾਜ਼ੇਟਿਵ ਪਾਏ ਗਏ। ਓਧਰ ਅੱਜ ਸਾਰੇ ਜ਼ਿਲਿ੍ਹਆਂ 'ਚ ਲੋਕਾਂ ਦੇ 67336 ਸੈਂਪਲ ਲੈ ਕੇ ਜਾਂਚ ਲਈ ਲੈਂਬਾਂ ਵਿਚ ਭੇਜੇ ਗਏ ਅਤੇ ਇਸ ਦੇ ਨਾਲ ਹੁਣ ਤਕ ਪੰਜਾਬ 'ਚ ਲਏ ਗਏ ਸੈਂਪਲਾਂ ਦੀ ਸੰਖਿਆ 75,10,673 ਤਕ ਪੁੱਜ ਗਈ। ਸੂਬੇ 'ਚ ਕੋਰੋਨਾ ਦੀ ਸਥਿਤੀ ਏਨੀ ਗੰਭੀਰ ਬਣ ਚੁੱਕੀ ਹੈ ਕਿ ਇਸ ਵੇਲੇ ਵੱਖ-ਵੱਖ ਜ਼ਿਲਿ੍ਹਆਂ ਦੇ ਮਰੀਜ਼ ਮਿਲਾ ਕੇ 8457 ਮਰੀਜ਼ ਆਕਸੀਜਨ ਦਾ ਸਹਾਰਾ ਲੈ ਰਹੇ ਹਨ ਅਤੇ ਕੁੱਲ ਐਕਟਿਵ ਕੇਸ 63007 ਹਨ।

Posted By: Susheel Khanna