ਜੇਐੱਨਐੱਨ, ਜਲੰਧਰ : ਸੂਬੇ 'ਚ ਕੋਰੋਨਾ ਨੂੰ ਹਰਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਵੀਰਵਾਰ ਨੂੰ 2337 ਲੋਕਾਂ ਨੇ ਕੋਰੋਨਾ ਨੂੰ ਹਰਾਇਆ। ਇਸ ਦੇ ਮੁਕਾਬਲੇ ਕੋਰੋਨਾ ਦੇ 1333 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 71 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਸਰਗਰਮ ਮਾਮਲਿਆਂ ਦਾ ਅੰਕੜਾ ਵੀ 17 ਹਜ਼ਾਰ ਤੋਂ ਘੱਟ ਹੋ ਕੇ 16224 ਰਹਿ ਗਿਆ ਹੈ। ਇਨ੍ਹਾਂ 'ਚੋਂ 212 ਮਰੀਜ਼ ਵੈਂਟੀਲੇਟਰ ਤੇ 2797 ਆਕਸੀਜਨ ਸਪੋਰਟ 'ਤੇ ਹਨ।

ਸਿਹਤ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਜਲੰਧਰ 'ਚ ਸਭ ਤੋਂ ਜ਼ਿਆਦਾ 152, ਫਾਜ਼ਿਲਕਾ 'ਚ 116, ਅੰਮਿ੍ਤਸਰ 'ਚ 115 ਤੇ ਲੁਧਿਆਣਾ 'ਚ 113 ਨਵੇਂ ਮਾਮਲੇ ਸਾਹਮਣੇ ਆਏ ਹਨ। ਬਾਕੀ 18 ਜ਼ਿਲ੍ਹਿਆਂ 'ਚ ਨਵੇਂ ਮਾਮਲਿਆਂ ਦੀ ਦਰ 100 ਤੋਂ ਘੱਟ ਰਹੀ ਹੈ।

ਇਸ ਤੋਂ ਇਲਾਵਾ ਬਰਨਾਲਾ 'ਚ ਸਭ ਤੋਂ ਘੱਟ 15 ਮਾਮਲੇ ਸਾਹਮਣੇ ਆਏ ਹਨ। ਬਠਿੰਡਾ 'ਚ 9, ਅੰਮਿ੍ਤਸਰ 'ਚ 6, ਫਿਰੋਜ਼ਪੁਰ, ਲੁਧਿਆਣਾ ਤੇ ਪਟਿਆਲਾ 'ਚ ਪੰਜ-ਪੰਜ, ਫਰੀਦਕੋਟ, ਜਲੰਧਰ ਤੇ ਮੋਹਾਲੀ 'ਚ ਚਾਰ-ਚਾਰ, ਬਰਨਾਲਾਸ ਗੁਰਦਾਸਪੁਰ, ਮੋਗਾ ਤੇ ਸੰਗਰੂਰ 'ਚ ਤਿੰਨ-ਤਿੰਨ, ਤਰਨਤਾਰਨ, ਫਤਹਿਗੜ੍ਹ ਸਾਹਿਬ, ਫਾਜ਼ਿਲਕਾ ਤੇ ਹੁਸ਼ਿਆਰਪੁਰ 'ਚ ਦੋ-ਦੋ ਤੇ ਕਪੂਰਥਲਾ, ਮਾਨਸਾ ਤੇ ਨਵਾਂਸ਼ਹਿਰ 'ਚ ਇਕ-ਇਕ ਮਰੀਜ਼ ਦੀ ਮੌਤ ਕੋਰੋਨਾ ਨਾਲ ਹੋਈ ਹੈ।