ਮਨੀਸ਼ ਸ਼ਰਮਾ, ਜਲੰਧਰ : ਕੋਵਿਡ-19 ਦੇ ਕਹਿਰ ਨੂੰ ਰੋਕਣ 'ਚ ਲੱਗੇ ਅਧਿਕਾਰੀ ਨਾ ਕੇਵਲ ਦਿਨ-ਰਾਤ ਇਕ ਕਰ ਰਹੇ ਹਨ, ਬਲਕਿ ਪਰਿਵਾਰਕ ਜ਼ਿੰਦਗੀ 'ਚ ਵੀ ਕਈ ਵੱਡੇ ਤਿਆਗ ਕਰ ਰਹੇ ਹਨ। ਇਨ੍ਹਾਂ ਅਧਿਕਾਰੀਆਂ 'ਚੋਂ ਇਕ ਹਨ 2016 ਬੈਚ ਦੇ ਆਈਏਐੱਸ ਅਧਿਕਾਰੀ ਅਮਿਤ ਕੁਮਾਰ ਪੰਚਾਲ। ਨਕੋਦਰ 'ਚ ਕਰਫਿਊ ਤੇ ਸਰਕਾਰੀ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਜਦ ਉਹ ਪੁਲਿਸ ਟੀਮ ਨਾਲ ਫਲੈਗ ਮਾਰਚ ਕਰ ਰਹੇ ਸਨ ਤਾਂ ਉਸੇ ਵੇਲੇ ਇਸ ਸ਼ਹਿਰ 'ਚ ਉਨ੍ਹਾਂ ਦੀ ਪਤਨੀ ਦਾ ਸੀਜ਼ੇਰੀਅਨ ਆਪ੍ਰੇਸ਼ਨ ਚੱਲ ਰਿਹਾ ਸੀ। ਉਨ੍ਹਾਂ ਦੀ ਪਤਨੀ ਨੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ। ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚਿਆਂ ਨੂੰ ਹਫ਼ਤੇ ਲਈ ਹਸਪਤਾਲ 'ਚ ਦਾਖ਼ਲ ਕੀਤਾ ਗਿਆ।

ਪੰਜਾਬ 'ਚ 23 ਮਾਰਚ ਨੂੰ ਕਰਫਿਊ ਲੱਗ ਗਿਆ ਤੇ 25 ਮਾਰਚ ਨੂੰ ਐੱਸਡੀਐੱਮ ਅਮਿਤ ਕੁਮਾਰ ਪੰਚਾਲ ਦੀ ਪਤਨੀ ਦਾ ਆਪ੍ਰੇਸ਼ਨ ਹੋਇਆ ਸੀ। ਉਹ ਲਗਾਤਾਰ ਡਿਊਟੀ 'ਤੇ ਸਨ ਤੇ ਲੋਕਾਂ ਨੂੰ ਮਿਲ ਰਹੇ ਸਨ। ਕੋਰੋਨਾ ਦੇ ਮੱਦੇਨਜ਼ਰ ਉਨ੍ਹਾਂ ਬੱਚਿਆਂ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ। ਹੁਣ ਵੀ ਉਹ ਸਵੇਰੇ 5 ਵਜੇ ਤੋਂ ਰਾਤ ਕਰੀਬ 2 ਵਜੇ ਤਕ ਡਿਊਟੀ ਨਿਭਾਅ ਰਹੇ ਹਨ।

ਪੂਰਾ ਦੇਸ਼ ਸਾਡਾ ਪਰਿਵਾਰ, ਕਿਸੇ ਦਾ ਭਰੋਸਾ ਨਹੀਂ ਤੋੜ ਸਕਦੇ : ਅਮਿਤ ਕੁਮਾਰ


ਐੱਸਡੀਐੱਮ ਅਮਿਤ ਕੁਮਾਰ ਦਾ ਕਹਿਣਾ ਹੈ ਕਿ ਪੂਰਾ ਦੇਸ਼ ਉਨ੍ਹਾਂ ਦਾ ਪਰਿਵਾਰ ਹੈ। ਕੋਰੋਨਾ ਖ਼ਿਲਾਫ਼ ਜੰਗ ਜਾਰੀ ਹੈ। ਲੋਕ ਪ੍ਰਸ਼ਾਸਨ 'ਤੇ ਭਰੋਸਾ ਕਰ ਕੇ ਘਰਾਂ 'ਚ ਬੈਠੇ ਹੋਏ ਹਨ। ਅਜਿਹੇ 'ਚ ਉਨ੍ਹਾਂ ਦਾ ਭਰੋਸਾ ਨਹੀਂ ਤੋੜਿਆ ਜਾ ਸਕਦਾ। ਨਿੱਜੀ ਜ਼ਿੰਦਗੀ ਬਾਰੇ ਉਨ੍ਹਾਂ ਕਿਹਾ ਕਿ ਇਹ ਸਭ ਭਗਵਾਨ ਦੀ ਮਰਜ਼ੀ ਹੈ।

ਉਨ੍ਹਾਂ ਕਿਹਾ ਕਿ ਉਹ ਬੱਚਿਆਂ ਨੂੰ ਹੱਥ ਨਹੀਂ ਲਾਉਂਦੇ, ਬੱਸ ਦੂਰੋਂ ਦੇਖ ਲੈਂਦੇ ਹਨ। ਤਸੱਲੀ ਇਸ ਗੱਲ ਦੀ ਹੈ ਕਿ ਨਕੋਦਰ 'ਚ ਹਾਲੇ ਤਕ ਕੋਈ ਵੀ ਕੋਰੋਨਾ ਪੀੜਤ ਨਹੀਂ ਹੈ। ਕੋਸ਼ਿਸ਼ ਇਹੀ ਰਹੇਗੀ ਕਿ ਨਕੋਦਰ 'ਤੇ ਇਸ ਬਿਮਾਰੀ ਦਾ ਪਰਛਾਵਾਂ ਨਾ ਪਵੇ। ਲੋਕਾਂ ਨਾਲ ਸਿੱਧਾ ਮਿਲਣਾ ਤਾਂ ਨਹੀਂ ਹੁੰਦਾ ਪਰ ਰੋਜ਼ਾਨਾ ਕਈ ਕਾਲਾਂ ਸੁਣਨੀਆਂ ਪੈਂਦੀਆਂ ਹਨ। ਕੁਝ ਸਰਕਾਰ ਦੀਆਂ ਹਦਾਇਤਾਂ ਨੂੰ ਲੈ ਕੇ ਤੇ ਬਾਕੀ ਲੋਕਾਂ ਦੀਆਂ ਲੋੜਾਂ ਨੂੰ ਲੈ ਕੇ।

ਰਾਸ਼ਨ ਲੈਣ ਤੇ ਦੇਣ ਲਈ ਚਲਾਇਆ 'ਨੇਕੀ ਦਾ ਰੱਥ'

ਕਰਫਿਊ 'ਚ ਦਾਨੀ ਲੋਕਾਂ ਤੋਂ ਮਦਦ ਲੈਣ ਤੇ ਉਸ ਨੂੰ ਲੋੜਵੰਦਾਂ ਤਕ ਪਹੁੰਚਾਉਣ ਲਈ ਉਨ੍ਹਾਂ ਨੇ ਅਨੋਖੀ ਪਹਿਲ ਕਰਦਿਆਂ 'ਨੇਕੀ ਦਾ ਰੱਥ' ਚਲਾਇਆ ਹੈ। ਛੋਟੇ ਹਾਥੀ 'ਤੇ ਬਣਿਆ ਇਹ ਰੱਥ ਪੂਰੇ ਨਕੋਦਰ ਸ਼ਹਿਰ 'ਚ ਘੁੰਮਦਾ ਹੈ। ਜੇਕਰ ਕੋਈ ਮਦਦ ਲਈ ਰਾਸ਼ਨ ਦੇਣਾ ਚਾਹੁੰਦਾ ਹੈ ਤਾਂ ਉਹ ਦੇ ਦਿੰਦਾ ਹੈ ਤੇ ਜੇਕਰ ਕਿਸੇ ਨੂੰ ਲੋੜ ਹੁੰਦੀ ਹੈ ਤਾਂ ਉਹ ਰੱਥ ਨੂੰ ਰੁਕਵਾ ਕੇ ਰਾਸ਼ਨ ਲੈ ਸਕਦਾ ਹੈ।