ਜਤਿੰਦਰ ਪੰਮੀ, ਜਲੰਧਰ

ਕੁਦਰਤ ਬੜੀ ਬਲਵਾਨ ਹੈ, ਜੇ ਇਹ ਮਨੁੱਖ ਕੋਲੋਂ ਕੁਝ ਖੋਹ ਲੈਂਦੀ ਹੈ ਤਾਂ ਉਸ ਦੇ ਬਦਲੇ ਬਹੁਤ ਕੁਝ ਦੇ ਵੀ ਦਿੰਦੀ ਹੈ। ਇਹ ਗੱਲ ਬਿਲਕੁਲ ਸਹੀ ਸਾਬਤ ਹੋ ਰਹੀ ਹੈ ਕਿਉਂਕਿ ਕੋਰੋਨਾ ਦੀ ਦਸਤਕ ਨਾਲ ਜਿੱਥੇ ਲੋਕਾਂ ਵਿਚ ਦਹਿਸ਼ਤ ਪੈਦਾ ਹੋ ਗਈ ਸੀ, ਉਥੇ ਹੀ ਲੋਕਾਂ ਵੱਲੋਂ ਆਪਣੀ ਜੀਵਨ ਸ਼ੈਲੀ 'ਚ ਕੀਤੀਆਂ ਗਈਆਂ ਵੱਡੀਆਂ ਤਬਦੀਲੀਆਂ ਨਾਲ ਦਿਲ ਦੇ ਰੋਗਾਂ ਦੇ ਮਰੀਜ਼ਾਂ ਦੀ ਦਰ ਵੀ ਘਟੀ ਹੈ। ਦਿਲ ਦੇ ਮਰੀਜ਼ਾਂ 'ਚ ਪਹਿਲਾਂ ਦੇ ਮੁਕਾਬਲੇ 10-15 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਜੀਵਨ ਸ਼ੈਲੀ 'ਚ ਤਬਦੀਲੀ ਲਿਆਉਣ ਦੇ ਨਾਲ ਹੀ ਲੋਕਾਂ ਦੇ ਮਨਾਂ ਵਿਚੋਂ ਇਸ ਦਾ ਖੌਫ ਵੀ ਨਿਕਲ ਰਿਹਾ ਹੈ। ਦਿਲ ਦੇ ਰੋਗਾਂ ਦਾ ਇਲਾਜ ਕਰਵਾ ਰਹੇ ਅਤੇ ਬਜ਼ੁਰਗਾਂ ਨੂੰ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਹੁਣ ਵਕਤ ਆ ਗਿਆ ਹੈ ਕਿ ਨੌਜਵਾਨ ਸਿਹਤ ਨਿਯਮਾਂ ਦਾ ਪਾਲਣ ਕਰਦੇ ਹੋਏ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ। ਕੋਰੋਨਾ ਦੇ ਡਰ ਕਾਰਨ ਘਰ ਅੰਦਰ ਵੜ ਕੇ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ। ਕੁਝ ਚਿਰ ਘਰੋਂ ਬਾਹਰ ਜਾਣ ਵੇਲੇ ਚੌਕਸੀ ਵਰਤਣ ਨਾਲ ਸਰੀਰ 'ਚ ਐਂਟੀ ਬਾਡੀ ਬਣਨਗੇ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਵਧੇਗੀ।

ਇਸ ਸਬੰਧੀ ਗੱਲਬਾਤ ਕਰਦਿਆਂ ਟੈਗੋਰ ਹਾਰਟ ਕੇਅਰ ਦੇ ਡਾ. ਨਿਪੰੁਨ ਮਹਾਜਨ ਨੇ ਦੱਸਿਆ ਕਿ ਸਾਦਾ ਭੋਜਨ, ਆਰਾਮ ਅਤੇ ਤਣਾਅਮੁਕਤ ਜੀਵਨ ਇਸ 'ਚ ਅਹਿਮ ਰੋਲ ਨਿਭਾਅ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਤਣਾਅ ਮੁਕਤ ਰਹਿਣਾ ਚਾਹੀਦਾ ਹੈ ਤੇ ਘਰਾਂ 'ਚ ਰਹਿ ਕੇ ਯੋਗ ਤੇ ਸਾਧਨਾਂ ਰਾਹੀਂ ਆਪਣੇ ਆਪ ਨੂੰ ਫਿਟ ਰੱਖਣਾ ਚਾਹੀਦਾ ਹੈ। ਮਰੀਜ਼ ਸਿਹਤ ਵਿਭਾਗ ਵੱਲੋਂ ਦਿੱਤੀ ਜਾਂਦੀ ਸਲਾਹ ਨੂੰ ਧਿਆਨ ਵਿਚ ਰੱਖਦੇ ਹੋਏ ਕੋਰੋਨਾ 'ਤੇ ਜਿੱਤ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹਸਪਤਾਲਾਂ ਵਿਚ ਦਿਲ ਦਾ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਦੀ ਦਰ 10 ਤੋਂ 15 ਫੀਸਦੀ ਘਟੀ ਹੈ।

ਕੇਅਰ ਮੈਕਸ ਹਸਪਤਾਲ ਦੇ ਐੱਮਡੀ ਡਾ. ਰਮਨ ਚਾਵਲਾ ਦਾ ਮੰਨਣਾ ਹੈ ਕਿ ਕੋਰੋਨਾ ਸੰਕਟ ਦੌਰਾਨ ਦਿਲ ਦੇ ਮਰੀਜ਼ਾਂ ਦਾ ਸੰਕਟ ਵੀ ਘਟਿਆ ਹੈ। ਕੋਰੋਨਾ ਕਾਰਨ ਪਿਛਲੇ ਤਿੰਨ ਮਹੀਨਿਆਂ 'ਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ 30 ਫੀਸਦੀ ਘਟੀ ਹੈ। ਕੋਰੋਨਾ ਦਾ ਜ਼ੋਰ ਘੱਟ ਹੋਣ ਤੋਂ ਬਾਅਦ ਮਰੀਜ਼ਾਂ ਘਰਾਂ 'ਚੋਂ ਨਿਕਲਣ ਲੱਗੇ ਹਨ। ਇਸ ਦੇ ਬਾਵਜੂਦ ਹਾਲੇ ਵੀ 10 ਤੋਂ 15 ਫੀਸਦੀ ਓਪੀਡੀ ਘੱਟ ਹੈ। ਉਨ੍ਹਾਂ ਦੱਸਿਆ ਕਿ ਸਿਹਤਮੰਦ ਦਿਲ ਲਈ ਘੱਟ ਸੋਡੀਅਮ ਵਾਲੀ ਖੁਰਾਕ ਖਾਣੀ ਚਾਹੀਦੀ ਹੈ, ਟਰਾਂਸ ਵਸਾ ਦੀ ਖਪਤ ਘੱਟ ਕਰਨੀ ਚਾਹੀਦੀ ਹੈ, ਕਾਰਬੋਹਾਈਡ੍ਰੇਟ ਜਿਵੇਂ ਬ੍ਰੈੱਡ, ਪਾਸਤਾ ਜਾਂ ਚਿੱਟੀ ਚੀਨੀ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੂੰ ਪੁੰਗਰੇ ਹੋਏ ਅਨਾਜ, ਹਰੀਆਂ ਸਬਜ਼ੀਆਂ ਤੇ ਦਲੀਆ ਆਦਿ ਖਾਣਾ ਚਾਹੀਦਾ ਹੈ। ਦਿਨ 'ਚ ਘੱਟ ਤੋਂ ਘੱਟ 30 ਮਿੰਟ ਲਈ ਕਸਰਤ ਕਰਨੀ ਚਾਹੀਦਾ ਹੈ, ਇਹ ਦਿਲ ਲਈ ਬਹੁਤ ਲਾਹੇਵੰਦ ਹੈ। ਗਲੋਬਲ ਹਸਪਤਾਲ ਦੇ ਡਾ. ਅੰਕਿਤ ਸ਼ਰਮਾ ਦਾ ਕਹਿਣਾ ਹੈ ਕਿ ਕੋਰੋਨਾ ਸੰਕਟ 'ਚ ਪਾਜ਼ੇਟਿਵ ਆਉਣ 'ਤੇ ਦਿਲ ਦੇ ਮਰੀਜ਼ਾਂ ਦੀ ਸਿਹਤ ਜ਼ਿਆਦਾ ਵਿਗੜ ਜਾਂਦੀ ਹੈ। ਕੋਰੋਨਾ ਦਿਲ ਨੂੰ ਕਈ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ।