ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੋਰੋਨਾ ਦੇ ਪਿਛਲੇ ਤਿੰਨ ਦਿਨਾਂ ਦੌਰਾਨ ਮਾਮਲੇ ਵਧਣ ਤੋਂ ਬਾਅਦ ਵੀਰਵਾਰ ਨੂੰ ਘਟੀ ਹੈ। ਹਾਲਾਂਕਿ ਕੋਰੋਨਾ ਵੈਕਸੀਨ ਲਵਾਉਣ ਵਾਲਿਆਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਗਿਆ ਹੈ। ਸਿਹਤ ਵਿਭਾਗ ਦੀਆ ਟੀਮਾਂ ਨੇ ਘਰ-ਘਰ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਜ਼ਿਲ੍ਹੇ 'ਚ ਕੋਰੋਨਾ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚੋਂ ਇਕ ਹੋਰ ਜ਼ਿਲ੍ਹੇ ਨਾਲ ਸਬੰਧਤ ਹੈ। ਉਥੇ ਹੀ 3486 ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲੱਗੀ। ਬੂਸਟਰ ਡੋਜ਼ ਲਵਾਉਣ ਵਾਲਿਆਂ ਦੀ ਗਿਣਤੀ 99 ਹਜ਼ਾਰ ਤੋਂ ਪਾਰ ਹੋ ਗਈ। ਸਿਹਤ ਵਿਭਾਗ ਮੁਤਾਬਕ ਵੀਰਵਾਰ ਨੂੰ ਹੋਰਨਾਂ ਜ਼ਿਲਿ੍ਹਆ ਤੋਂ ਇਲਾਜ ਕਰਵਾਉਣ ਲਈ ਨਿੱਜੀ ਹਸਪਤਾਲਾਂ 'ਚ ਦਾਖਲ ਮਰੀਜ਼ਾਂ ਦੀ ਗਿਣਤੀ ਚਾਰ ਹੋ ਗਈ ਹੈ। ਵੀਰਵਾਰ ਨੂੰ ਦੋ ਬਜ਼ੁਰਗਾਂ ਸਮੇਤ ਚਾਰ ਮਾਮਲੇ ਸਾਹਮਣੇ ਆਏ। ਮਰੀਜ਼ ਖੇੜਾ ਰੋਡ, ਰਮੇਸ਼ ਕਾਲੋਨੀ, ਨਾਗਰਾ ਰੋਡ ਤੇ ਮਾਡਲ ਟਾਊਨ ਇਲਾਕੇ ਨਾਲ ਸਬੰਧਤ ਹਨ। ਜ਼ਿਲ੍ਹੇ 'ਚ 6 ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤੀ। ਸਰਗਰਮ ਮਰੀਜ਼ਾਂ ਦੀ ਗਿਣਤੀ 36 ਅਤੇ ਘਰਾਂ 'ਚ ਆਈਸੋਲੇਟ ਮਰੀਜ਼ਾਂ ਦੀ ਗਿਣਤੀ ਵਧ ਕੇ 27 ਹੋ ਗਈ ਹੈ। ਓਧਰ ਪਲਸ ਪੋਲੀਓ ਮੁਹਿੰਮ ਖਤਮ ਹੋਣ ਤੋਂ ਬਾਅਦ ਕੋਰੋਨਾ ਵੈਕਸੀਨ ਲਾਉਣ ਦੀ ਰਫਤਾਰ ਤੇਜ਼ ਹੋ ਗਈ ਹੈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ 'ਚ 50000 ਦੇ ਕਰੀਬ ਡੋਜ਼ ਪਈ ਹੈ। ਵਿਭਾਗ ਜ਼ਿਲ੍ਹੇ 'ਚ ਲੋਕਾਂ ਨੂੰ 3871946 ਡੋਜ਼ ਲਾ ਚੁੱਕਾ ਹੈ। ਇਨ੍ਹਾਂ 'ਚ 1941710 ਪਹਿਲੀ, 1830919 ਦੂਜੀ ਅਤੇ 99317 ਬੂਸਟਰ ਡੋਜ਼ ਵਾਲੇ ਸ਼ਾਮਲ ਹਨ।