ਜਤਿੰਦਰ ਪੰਮੀ/ਬਸੰਤ ਸਿੰਘ, ਜਲੰਧਰ/ਲੁਧਿਆਣਾ : ਕੋਰੋਨਾ ਵਾਇਰਸ ਨੇ ਅੱਜ ਦੋ ਹੋਰ ਜਾਨਾਂ ਲੈ ਲਈਆਂ। ਇਕ ਮੌਤ ਜਲੰਧਰ,ਇਕ ਮੋਹਾਲੀ ਤੇ ਇਕ ਲੁਧਿਆਣਾ ਜ਼ਿਲ੍ਹੇ 'ਚ ਹੋਈ ਹੈ। ਇਸ ਤੋਂ ਇਲਾਵਾ 7 ਪੁਲਿਸ ਮੁਲਾਜ਼ਮਾਂ ਸਮੇਤ 26 ਨਵੇਂ ਪਾਜ਼ੇਟਿਵ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚੋਂ 11 ਕੇਸ ਮੋਹਾਲੀ, 8 ਜਲੰਧਰ ਤੇ 7 ਮੋਗਾ ਦੇ ਹਨ।

ਜਲੰਧਰ 'ਚ ਕੋਰੋਨਾ ਪਾਜ਼ੇਟਿਵ ਮਰੀਜ਼ ਜੋਗਿੰਦਰ ਕੁਮਾਰ ਵਾਸੀ ਗੁਰੂ ਨਾਨਕਪੁਰਾ ਦੀ ਮੌਤ ਹੋ ਗਈ ਹੈ। ਬੀਤੇ ਦਿਨੀਂ ਹੀ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਤੇ ਉਹ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ।

ਅੱਜ ਦੁਪਹਿਰ ਸਮੇਂ ਆਈਆਂ ਰਿਪੋਰਟਾਂ 'ਚ ਅੱਠ ਮਰੀਜ਼ ਪਾਜ਼ੇਟਿਵ ਆਏ। ਇਨ੍ਹਾਂ ਵਿਚ ਇਕ ਮਰੀਜ਼ ਬਾਹਰਲੇ ਜ਼ਿਲ੍ਹੇ ਦਾ ਹੈ ਜਦੋਂਕਿ ਸੱਤ ਮਰੀਜ਼ ਜ਼ਿਲ੍ਹੇ ਨਾਲ ਸਬੰਧਤ ਹਨ। ਮਰੀਜ਼ਾਂ 'ਚ 4 ਪੁਰਸ਼ ਤੇ 4 ਔਰਤਾਂ ਸ਼ਾਮਲ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 722 ਤਕ ਪੁੱਜ ਗਈ ਹੈ। ਸਿਹਤ ਵਿਭਾਗ ਨੇ ਅੱਜ ਮੈਰੀਟੋਰੀਅਸ ਸਕੂਲ 'ਚ ਬਣੇ ਕੋਵਿਡ ਕੇਅਰ ਸੈਂਟਰ 'ਚੋਂ 32 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।

ਮੋਹਾਲੀ ਵਿਚ ਅੱਜ ਕੋਰੋਨਾ ਵਾਇਰਸ ਦੇ 11 ਕੇਸ ਪਾਜ਼ੇਟਿਵ ਆਏ ਹਨ ਅਤੇ ਇਕ ਮਰੀਜ਼ ਦੀ ਮੌਤ ਹੋ ਗਈ ਹੈ।

ਮ੍ਰਿਤਕ ਮਰੀਜ਼ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸੀ।

ਲੁਧਿਆਣਾ 'ਚ ਇਸ ਜਾਨਲੇਵਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੇ ਅੰਕੜੇ ਵੀ ਲਗਾਤਾਰ ਵਧ ਰਹੇ ਹਨ। ਜਾਣਕਾਰੀ ਅਨੁਸਾਰ ਅੱਜ ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ ਦੀ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਮੌਤ ਹੋ ਗਈ। ਸੰਵੇਦਨਾ ਟਰੱਸਟ ਦੇ ਮੈਨੇਜਰ ਜੱਜਪ੍ਰੀਤ ਸਿੰਘ ਸਮਾਣਾ ਨੇ ਦੱਸਿਆ ਕਿ ਅੱਜ ਸਵੇਰੇ ਸੀਐੱਮਸੀ ਹਸਪਤਾਲ ਵਿੱਚੋਂ ਮ੍ਰਿਤਕ ਦੀ ਡੈੱਡ ਬਾਡੀ ਨੂੰ ਦਫਨਾਉਣ ਲਈ ਸੰਵੇਦਨਾ ਟਰੱਸਟ ਨਾਲ ਸੀਐਮਸੀ ਹਸਪਤਾਲ ਦੇ ਪ੍ਰਬੰਧਕਾਂ ਨੇ ਸੰਪਰਕ ਕੀਤਾ। ਮ੍ਰਿਤਕ ਦੇ ਪੁੱਤਰ 23 ਸਾਲਾ ਰੋਹਿਤ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ 4 ਜੂਨ ਨੂੰ ਮੋਹਨਦੇਈ ਕੈਂਸਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਤੇ 13 ਜੂਨ ਨੂੰ ਪਿਤਾ ਨੂੰ ਸੀਐੱਮਸੀ ਹਸਪਤਾਲ 'ਚ ਰੈਫ਼ਰ ਕੀਤਾ ਗਿਆl ਅੱਜ ਉਨ੍ਹਾਂ ਦੀ ਮੌਤ ਹੋ ਗਈ l ਮਿ੍ਤਕ ਆਪਣੇ ਪਿੱਛੇ ਪਤਨੀ ਤੇ ਦੋ ਬੱਚਿਆਂ ਨੂੰ ਛੱਡ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ।

ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ਦੇ 7 ਹੋਰ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਇਕ ਵਾਰ ਥਾਣੇ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ। ਮੰਗਲਵਾਰ ਦੀ ਸਵੇਰ ਆਈਆਂ ਕੋਰੋਨਾ ਰਿਪੋਰਟਾਂ 'ਚ ਥਾਣੇ ਦੇ 7 ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਸ਼ਹਿਰ ਅੰਦਰ ਇਕ ਦਮ ਹੜਕੰਪ ਮੱਚ ਗਿਆ। ਸਿਹਤ ਵਿਭਾਗ ਦੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਥਾਣੇ ਦੇ 7 ਪੁਲਿਸ ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਹਨਾਂ ਨੂੰ ਬਾਘਾਪੁਰਾਣਾ ਦੇ ਹਸਪਤਾਲ ਵਿਚ ਰੱਖਿਆ ਜਾਵੇਗਾ।

Posted By: Seema Anand