ਕਾਂਗਰਸੀਆਂ ਨੇ ਥਾਣੇ ’ਚ ਲਾਇਆ ਧਰਨਾ
ਬਲਾਕ ਸੰਮਤੀ ਦੀਆਂ ਚੋਣਾਂ ਦੇ ਉਮੀਦਵਾਰ ਦੇ ਇਸ਼ਤਿਆਰ ’ਤੇ ਇਸ਼ਤਿਆਰ ਲਗਾਉਣ ’ਤੇ ਹੋਇਆ ਵਿਵਾਦ
Publish Date: Tue, 09 Dec 2025 10:08 PM (IST)
Updated Date: Tue, 09 Dec 2025 10:09 PM (IST)

-ਚੋਣਾਂ ਸਬੰਧੀ ਇਸ਼ਤਿਹਾਰ ਲਾਉਣ ’ਤੇ ਵਿਵਾਦ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਈਸਪੁਰ ’ਚ ਉਸ ਵੇਲੇ ਵਿਵਾਦ ਪੈਦਾ ਹੋ ਗਿਆ, ਜਦੋਂ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਉਮੀਦਵਾਰ ਗੁਰਜਿੰਦਰ ਸਿੰਘ ਭਤੀਜਾ ਦੇ ਪੋਸਟਰ ’ਤੇ ਕਾਂਗਰਸੀ ਉਮੀਦਵਾਰ ਕੰਵਰ ਵੀਰ ਸਿੰਘ ਸਰਾਏ ਦਾ ਸਟਿੱਕਰ ਲਾ ਦਿੱਤਾ ਗਿਆ। ਇਸ ਦੌਰਾਨ ਪੁਲਿਸ ਵੱਲੋਂ ਚਾਰ ਵਿਅਕਤੀਆਂ ਤੇ ਤਿੰਨ ਔਰਤਾਂ ਨੂੰ ਪੁੱਛਗਿੱਛ ਲਈ ਥਾਣੇ ਲਿਆਉਣ ’ਤੇ ਕਾਂਗਰਸੀਆਂ ’ਚ ਰੋਸ ਪੈਦਾ ਹੋ ਗਿਆ। ਰਜਿੰਦਰ ਬੇਰੀ, ਰਮੇਸ਼ਵਰ ਸਿੰਘ, ਹਲਕਾ ਕਰਤਾਰਪੁਰ ਦੇ ਇੰਚਾਰਜ ਰਜਿੰਦਰ ਸਿੰਘ ਦੀ ਅਗਵਾਈ ’ਚ ਉਮੀਦਵਾਰ ਕੰਵਰਵੀਰ ਸਿੰਘ ਸਰਾਏ ਸਮੇਤ ਸਰਪੰਚ ਤੀਰਥ ਲਾਡੀ, ਕੌਂਸਲਰ ਨੀਰਜ ਜੱਸਲ, ਸਾਬਕਾ ਬਲਾਕ ਸੰਮਤੀ ਮੈਂਬਰ ਰਵੀ ਕੁਮਾਰ, ਸਰਪੰਚ ਪਤੀ ਗੁਰਪ੍ਰੀਤ ਨੇਕੀ ਤੇ ਹੋਰ ਸਮਰਥਕਾਂ ਨੇ ਪੁਲਿਸ ਵੱਲੋਂ ਪੁੱਛਗਿੱਛ ਲਈ ਲਿਆਂਦੇ ਗਏ ਮਰਦਾਂ ਤੇ ਔਰਤਾਂ ਨੂੰ ਤੁਰੰਤ ਛੱਡਣ ਲਈ ਕਿਹਾ ਗਿਆ ਪਰ ਪੁਲਿਸ ਵੱਲੋਂ ਇਨਕਾਰ ਕਰਨ ’ਤੇ ਕਾਂਗਰਸੀਆਂ ’ਚ ਰੋਸ ਪੈਦਾ ਹੋ ਗਿਆ। ਇਸ ਦੌਰਾਨ ਕਾਂਗਰਸੀਆਂ ਵੱਲੋਂ ਰੋਸ ਪ੍ਰਗਟਾਉਂਦਿਆਂ ਥਾਣੇ ’ਚ ਧਰਨਾ ਪ੍ਰਦਰਸ਼ਨ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਮੌਕੇ ’ਤੇ ਮਰਦਾਂ ਤੇ ਔਰਤਾਂ ਨੂੰ ਉਨ੍ਹਾਂ ਹਵਾਲੇ ਕੀਤਾ। ਉਨ੍ਹਾਂ ਨੇ ਇਲਾਕੇ ’ਚ ਸ਼ਾਂਤੀ ਬਹਾਲੀ ਲਈ ਤੇ ਪੁੱਛਗਿੱਛ ਲਈ ਸ਼ੱਕੀ ਚਾਰ ਮਰਦਾਂ ਤੇ ਤਿੰਨ ਔਰਤਾਂ ਨੂੰ ਥਾਣੇ ’ਚ ਲਿਆਂਦਾ ਗਿਆ ਸੀ। ਜਿਵੇਂ ਹੀ ਥਾਣੇ ’ਚ ਲਿਆਂਦਾ ਗਿਆ ਤਾਂ ਕਾਂਗਰਸੀਆਂ ਵੱਲੋਂ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪੁੱਛਗਿੱਛ ਕਰਨ ਉਪਰੰਤ ਮਰਦਾਂ ਤੇ ਔਰਤਾਂ ਨੂੰ ਛੱਡ ਦਿੱਤਾ ਗਿਆ। ਮੌਕੇ ’ਤੇ ਪੁੱਜੇ ਕਾਂਗਰਸੀ ਉਮੀਦਵਾਰ ਕੰਵਰ ਵੀਰ ਸਿੰਘ ਸਰਾਏ ਤੇ ਹਲਕਾ ਕਰਤਾਰਪੁਰ ਇੰਚਾਰਜ ਰਜਿੰਦਰ ਸਿੰਘ ਨੇ ਦੋਸ਼ ਲਾਏ ਕਿ ਇਸ ਕਰਵਾਈ ਦੌਰਾਨ ਮਹਿਲਾ ਪੁਲਿਸ ਮੁਲਾਜ਼ਮ ਗ਼ੈਰ ਹਾਜ਼ਰ ਸਨ।