ਜਤਿੰਦਰ ਪੰਮੀ, ਜਲੰਧਰ : ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਾਲੇ ਖੇਤਰਾਂ ਜਿਨ੍ਹਾਂ ਨੂੰ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਜਾਵੇਗਾ, ਉੱਥੋਂ ਦੇ ਲੋਕਾਂ ਨੂੰ ਹੁਣ 14 ਦਿਨਾਂ ਤਕ ਘਰਾਂ ਅੰਦਰ ਹੀ ਡੱਕੇ ਰਹਿਣਾ ਪਵੇਗਾ। ਕੋਰੋਨਾ ਵਾਇਰਸ ਮਹਾਮਾਰੀ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਨੇ ਅੱਜ ਜਾਰੀ ਕੀਤੇ ਗਏ ਆਦੇਸ਼ ਵਿਚ ਕਿਹਾ ਹੈ ਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਵਧੇਰੇ ਗਿਣਤੀ ਵਾਲੇ ਇਲਾਕਿਆਂ ਜਿਨ੍ਹਾਂ ਨੂੰ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਜਾਵੇਗਾ, ਉਨ੍ਹਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਕਰਫਿਊ ਨਿਯਮਾਂ ਦਾ ਪਾਲਣ ਕਰਨਾ ਪਵੇਗਾ। ਇਨ੍ਹਾਂ ਇਲਾਕਿਆਂ ਦੇ ਵਾਸੀਆਂ ਉਪਰ 14 ਦਿਨ ਤਕ ਬਾਹਰ ਨਿਕਲਣ 'ਤੇ ਸਖਤ ਪਾਬੰਦੀ ਹੋਵੇਗੀ। ਆਦੇਸ਼ਾਂ 'ਚ ਕਿਹਾ ਗਿਆ ਹੈ ਕਿ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਵਿਚ ਰਹਿਣ ਵਾਲੇ ਕੰਮਕਾਜੀ ਲੋਕ ਚਾਹੇ ਉਹ ਸਰਕਾਰੀ ਜਾਂ ਪ੍ਰਰਾਈਵੇਟ ਮੁਲਾਜ਼ਮ ਹੋਣ ਨੂੰ 14 ਦਿਨ ਤਕ ਡਿਊਟੀ ਉਪਰ ਹਾਜ਼ਰ ਮੰਨਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸ਼ਕਤੀ ਨਗਰ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਜਾ ਚੁੱਕਾ ਹੈ ਜਦਕਿ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ 'ਚ ਆਦਰਸ਼ ਨਗਰ ਸ਼ਾਹਕੋਟ, ਮੁਹੱਲਾ ਰਵੀਦਾਸਪੁਰਾ ਨਕੋਦਰ, ਕੋਟ ਪਖਸ਼ੀਆ, ਸ਼ਿਵਰਾਜਗੜ੍ਹ, ਮਲਕਾ ਚੌਕ, ਘਈ ਕਾਲੋਨੀ, ਨਿਊ ਜਵਾਹਰ ਨਗਰ, ਮੁਹੱਲਾ ਕੋਟ ਬਹਾਦਰ ਖਾਨ, ਗਲੀ ਨੰਬਰ 2 ਸੰਗਤ ਸਿੰਘ ਨਗਰ, ਗੋਪਾਲ ਨਗਰ, ਅਬਾਦਪੁਰਾ, ਅਜ਼ਾਦ ਨਗਰ, ਆਦਰਸ਼ ਨਗਰ, ਦੁਰਗਾ ਕਾਲੋਨੀ ਤੇ ਗੁਰੂ ਰਾਮਦਾਸ ਨਗਰ ਸ਼ਾਮਲ ਹਨ।