ਚੋਣਾਂ ’ਚ ਕਾਂਗਰਸ ਕਰੇਗੀ ਬਿਹਤਰੀਨ ਪ੍ਰਦਰਸ਼ਨ : ਸ਼ੇਰੋਵਾਲੀਆ
ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ਕਾਂਗਰਸ ਬਿਹਤਰੀਨ ਪ੍ਰਦਰਸ਼ਨ ਕਰੇਗੀ - ਸ਼ੇਰੋਵਾਲੀਆ
Publish Date: Mon, 01 Dec 2025 07:13 PM (IST)
Updated Date: Mon, 01 Dec 2025 07:14 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਵਿਧਾਨ ਸਭਾ ਹਲਕਾ ਸ਼ਾਹਕੋਟ ’ਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਪ੍ਰਤੀ ਹੱਦ ਦਰਜੇ ਦੀ ਨਿਰਾਸ਼ਾ, ਅਕਾਲੀ ਦਲ (ਬਾਦਲ) ਦੀ ਸਿਆਸੀ ਗੁੰਮਨਾਮੀ ਤੇ ਭਾਜਪਾ ਦੇ ਸਿਆਸੀ ਪੈਰ ਲੜਖੜਾਉਣ ਦੇ ਆਲਮ ’ਚ ਲੋਕਾਂ ਦੀ ਉਮੀਦ ਸਿਰਫ ਕਾਂਗਰਸ ਪਾਰਟੀ ਹੀ ਹੈ । ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਤੇ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਮੀਟਿੰਗ ਦੌਰਾਨ ਕੀਤਾ। ਉਹ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਮੱਦੇ ਨਜ਼ਰ ਸਥਾਨਕ ਕਾਂਗਰਸੀ ਆਗੂਆਂ, ਵਰਕਰਾਂ ਤੇ ਆਮ ਲੋਕਾਂ ਦੀ ਨਬਜ਼ ਟਟੋਲਣ ਤੋਂ ਬਾਅਦ ਇਨ੍ਹਾਂ ਚੋਣਾਂ ਲਈ ਕਾਂਗਰਸ ਪਾਰਟੀ ਲਈ ਬਣੇ ਉਤਸ਼ਾਹੀ ਮਾਹੌਲ ਸਬੰਧੀ ਦੱਸਣ ਲਈ ਆਪਣੇ ਗ੍ਰਹਿ ਸਾਹਲਾ ਨਗਰ ’ਚ ਬੁਲਾਈ ਗਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਥਾਨਕ ਆਗੂ ਤੇ ਵਰਕਰ ਚੋਣਾਂ ਦਾ ਐਲਾਨ ਹੁੰਦਿਆਂ ਆਪ ਮੁਹਾਰੇ ਹੀ ਚੋਣ ਜਿੱਤਣ ਲਈ ਮੋਰਚਿਆਂ ਤੇ ਡੱਟ ਗਏ ਹਨ। ਸ਼ੇਰੋਵਾਲੀਆ ਨੇ ਕਿਹਾ ਕਿ ਪਿੱਛੇ ਜਿਹੇ ਹੋਈ ਨਗਰ ਪੰਚਾਇਤ ਸ਼ਾਹਕੋਟ ਦੀ ਚੋਣ ’ਚ ਵਿਰੋਧੀਆਂ ਵੱਲੋਂ ਖੜੀਆਂ ਕੀਤੀਆਂ ਅਨੇਕਾਂ ਔਕੜਾਂ ਦੇ ਬਾਵਜੂਦ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਹਲਕੇ ਦੇ ਲੋਕਾਂ ਦੇ ਜ਼ਿਹਨ ਦਾ ਹਿੱਸਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਹਲਕਾ ਸ਼ਾਹਕੋਟ ਦੇ ਵਿਕਾਸ ਕੰਮਾਂ ਦੀ ਗਿਣਤੀ ਨਾ ਵੀ ਕਰਾ ਤਦ ਵੀ ਕੁਝ ਅਜਿਹੇ ਕਾਰਜ ਹਨ, ਜਿਨ੍ਹਾਂ ਦੀ ਸ਼ਲਾਘਾ ਕਰਨ ਲਈ ਵਿਰੋਧੀ ਵੀ ਮਜਬੂਰ ਹਨ। ਹਲਕਾ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਰਵਾਏ ਗਏ ਕੰਮਾਂ ਦੀ ਹੁੰਦੀ ਚਰਚਾ ਇਸੇ ਗੱਲ ਦੀ ਗਵਾਹ ਹੈ ਕਿ ਲੋਕਾਂ ਨਾਲ ਕੀਤੇ ਗਏ ਇਕਰਾਰ ਨੂੰ ਨਿਭਾਇਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਬਲਾਕ ਸੰਮਤੀਆਂ ’ਚ ਉਮੀਦਵਾਰਾਂ ਨੂੰ ਖੜ੍ਹੇ ਕਰਨ ’ਚ ਵੀ ਪਾਰਟੀ ਨੇ ਬਾਕੀਆਂ ਨਾਲੋਂ ਅਗੇਤ ਹਾਸਲ ਕਰ ਲਈ ਹੈ। ਸ਼ੇਰੋਵਾਲੀਆਂ ਨੇ ਆਪਣੇ ਹਲਕੇ ਦੀ ਗੱਲ ਕਰਨ ਤੋਂ ਬਾਅਦ ਪੂਰੇ ਪੰਜਾਬ ਦੇ ਸਿਆਸੀ, ਸਮਾਜੀ ਤੇ ਆਰਥਿਕ ਹਾਲਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੈਂਗਸਟਰਵਾਦ ਨੇ ਹਰ ਬੰਦੇ ਨੂੰ ਭੈਅ ਭੀਤ ਕੀਤਾ ਹੋਇਆ ਹੈ। ਚਿੱਟਾ ਪੰਜਾਬ ਲਈ ਪੂਰੀ ਤਰ੍ਹਾਂ ਸੰਤਾਪ ਬਣ ਚੁੱਕਾ ਹੈ। ਬੇਰੁਜ਼ਗਾਰੀ ਦਾ ਦੈਂਤ ਫਨ ਖਿਲਾਰੀ ਖੜਾ ਹੈ। ਮਹਿੰਗਾਈ ਇੰਨੀ ਵੱਧ ਚੁੱਕੀ ਹੈ ਕਿ ਬਹੁਤ ਸਾਰੇ ਗਰੀਬ ਪਰਿਵਾਰਾਂ ਲਈ ਚੁੱਲਾ ਤਪਾਈ ਰੱਖਣਾ ਮੁਸ਼ਕਿਲ ਹੋਇਆ ਪਿਆ ਹੈ। ਸ਼ੇਰੋਵਾਲੀਆ ਨੇ ਦੁਹਰਾਇਆ ਕਿ ਇਨ੍ਹਾਂ ਚੋਣਾਂ ’ਚ ਕਾਂਗਰਸ ਪਾਰਟੀ ਬਿਹਤਰੀਨ ਪ੍ਰਦਰਸ਼ਨ ਕਰੇਗੀ।