ਪੰਜਾਬੀ ਜਾਗਰਣ ਕੇਂਦਰ, ਜਲੰਧਰ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿੱਕੂ ਪਾਰਕ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਕੀਤੇ ਜਾ ਰਹੇ ਠੋਸ ਯਤਨਾਂ ਸਦਕਾ ਪਾਰਕ ਵਿੱਚ ਤਿੰਨ ਹੋਰ ਮੁੱਖ ਝੂਲੇ ਜਲਦ ਚਾਲੂ ਹੋ ਰਹੇ ਹਨ ਜਿਸ ਨਾਲ ਆਮ ਲੋਕਾਂ ਤੇ ਖਾਸ ਕਰਕੇ ਬੱਚਿਆਂ ਲਈ ਮਨੋਰੰਜਨ ਦੇ ਦਾਇਰੇ ਦਾ ਵਿਸਥਾਰ ਹੋਵੇਗਾ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਬਹੁਤ ਹੀ ਘੱਟ ਸਮੇਂ ਵਿਚ ਨਿੱਕੂ ਪਾਰਕ ਵਿਚ ਅਤਿ ਆਧੁਨਿਕ ਬਾਿਲੰਗ ਕੋਰਟ ਤੋਂ ਇਲਾਵਾ ਦੋ ਮੁੱਖ ਝੂਲੇ ਕੋਲੰਬਸ ਤੇ ਬੇ੍ਕ ਡਾਂਸ ਜਲਦ ਸ਼ੁਰੂ ਹੋ ਰਹੇ ਹਨ। ਇਨ੍ਹਾਂ ਕਾਰਜਾਂ ਨੂੰ ਮੁਕੰਮਲ ਕਰਨ ਲਈ ਲਗਪਗ 12 ਲੱਖ ਰੁਪਏ ਖਰਚ ਕੀਤੇ ਜਾਣਗੇ, ਜੋ ਇਥੇ ਰੋਜ਼ਾਨਾ ਆਉਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਵੀ ਹੋਣਗੇ। ਉਨ੍ਹਾਂ ਦੱਸਿਆ ਕਿ ਬਾਿਲੰਗ ਕੋਰਟ ਅਗਲੇ ਚਾਰ ਜਾਂ ਪੰਜ ਦਿਨਾਂ 'ਚ 1.5 ਲੱਖ ਰੁਪਏ ਦੀ ਲਾਗਤ ਨਾਲ ਚਾਲੂ ਹੋ ਜਾਵੇਗਾ ਜਦਕਿ ਕੋਲੰਬਸ ਝੂਲੇ ਨੂੰ ਮੁੜ ਸ਼ੁਰੂ ਕਰਨ ਲਈ 7 ਲੱਖ ਰੁਪਏ ਤੇ ਬੇ੍ਕ ਡਾਂਸ ਝੂਲੇ ਨੂੰ ਚਾਲੂ ਕਰਨ ਲਈ 3.75 ਲੱਖ ਰੁਪਏ ਖ਼ਰਚੇ ਜਾ ਰਹੇ ਹਨ, ਜੋ ਪਿਛਲੇ 8 ਸਾਲ ਤੋਂ ਕੰਮ ਨਹੀਂ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਰਕ ਵਿਖੇ ਵੱਖ-ਵੱਖ ਸਹੂਲਤਾਂ ਨੂੰ ਮੁੜ ਸ਼ੁਰੂ ਕਰਨ ਲਈ ਪਹਿਲਾਂ ਹੀ 12 ਲੱਖ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ। ਘਨਸ਼ਿਆਮ ਥੋਰੀ ਨੇ ਦੱਸਿਆ ਕਿ 13 ਲੱਖ ਰੁਪਏ ਦੀ ਲਾਗਤ ਨਾਲ ਇਸ ਪਾਰਕ ਦੀ ਨੁਹਾਰ ਬਦਲਣ ਤੋਂ ਇਲਾਵਾ ਪਿਛਲੇ ਕੁਝ ਮਹੀਨਿਆਂ ਤੋਂ ਸਮੁੱਚੇ ਝੂਲਿਆਂ ਦੀ ਮੁਰੰਮਤ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਪਾਰਕ ਵਿਚ ਸਮੁੱਚੇ ਮੁੱਖ ਝੂਲੇ, ਜਿਨ੍ਹਾਂ ਵਿਚ ਮਨੋਰੰਜਨ ਬੱਸ, ਫੁਹਾਰੇ, ਸੰਗੀਤਮਈ ਫ਼ੁਹਾਰੇ, ਰੇਲ ਗੱਡੀ, ਫਲੱਡ ਲਾਈਟਾਂ ਤੇ ਹੋਰ ਬਹੁਤ ਕੁਝ ਸ਼ਾਮਲ ਹੈ, ਹਾਲ ਹੀ ਵਿਚ ਚਾਲੂ ਕੀਤੇ ਗਏ ਹਨ। ਪਾਰਕ ਵਿਖੇ ਸੁਰੱਖਿਆ ਦੇ ਮੱਦੇਨਜ਼ਰ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ।