ਜਤਿੰਦਰ ਪੰਮੀ, ਜਲੰਧਰ : ਦੇਸ਼ ਦੇ 73ਵੇਂ ਗਣਤੰਤਰ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਿਰੰਗਾ ਲਹਿਰਾਇਆ ਤੇ ਪਰੇਡ ਤੋਂ ਸਲਾਮੀ ਲਈ। ਕੋਰੋਨਾ ਮਹਾਮਾਰੀ ਤੇ ਚੋਣ ਜ਼ਾਬਤਾ ਲੱਗਾ ਹੋਣ ਕਰਕੇ ਇਹ ਸਮਾਗਮ ਬਹੁਤ ਹੀ ਸਾਦੇ ਢੰਗ ਨਾਲ ਮਨਾਇਆ ਗਿਆ। ਕੜਾਕੇ ਦੀ ਠੰਡ ਤੇ ਧੁੰਦ ਦਰਮਿਆਨ ਪੁਲਿਸ ਦੇ ਜਵਾਨ ਪੂਰੇ ਜੋਸ਼ ਨਾਲ ਭਰੇ ਪਰੇਡ ਕਰਦੇ ਹੋਏ ਨਜ਼ਰ ਆਏ। ਸਲਾਮੀ ਲੈਣ ਉਪਰੰਤ ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਦੇਸ਼ ਦੀ ਆਜ਼ਾਦੀ ਲਈ ਪੰਜਾਬ ਦੇ ਲੋਕਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਦੇਸ਼ ਭਗਤੀ ਨੂੰ ਸਜਦਾ ਕੀਤਾ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਖ ਵੱਖ ਖੇਤਰਾਂ ਵਿਚ ਸ਼ਲਾਘਾਯੋਗ ਸੇਵਾਵਾਂ ਦੇਣ ਵਾਲੇ ਪੁਲਿਸ ਤੇ ਸਿਵਲ ਅਧਿਕਾਰੀਆਂ, ਮੁਲਾਜ਼ਮਾਂ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ 124 ਲੋਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਅੱਜ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਸਿਰਫ਼ ਕੈਮਰਾ ਤੇ ਮਾਈਕ ਵਾਲੇ ਪੱਤਰਕਾਰਾਂ ਨੂੰ ਸਟੇਡੀਅਮ ਵਿਚ ਜਾਣ ਦਿੱਤਾ ਗਿਆ। ਅਜਿਹਾ ਮੁੱਖ ਮੰਤਰੀ ਦੀ ਆਮਦ ਕਰਕੇ ਕੀਤਾ ਗਿਆ।

ਸਖਤ ਸੁਰੱਖਿਆ ਪ੍ਰਬੰਧ, ਡ੍ਰੋਨ ਨਾਲ ਰੱਖੀ ਗਈ ਨਜ਼ਰ

ਸਮਾਗਮ ਉਤੇ ਡ੍ਰੋਨ ਦੀ ਮਦਦ ਨਾਲ ਪੈਨੀ ਨਜ਼ਰ ਰੱਖੀ ਜਾ ਰਹੀ ਸੀ। ਕੋਰੋਨਾ ਕਾਰਨ ਸਾਦਗੀ ਦੇ ਨਾਲ ਸੀਮਤ ਘੇਰੇ ਅੰਦਰ ਹੀ ਸਮਾਗਮ ਮਨਾਇਆ ਗਿਆ। ਇਸ ਵਾਰ ਨਾ ਤਾਂ ਰੰਗਾਰੰਗ ਪ੍ਰੋਗਰਾਮ ਹੋਇਆ ਅਤੇ ਨਾ ਹੀ ਵਿਦਿਆਰਥੀਆਂ ਦੀ ਪੇਸ਼ਕਾਰੀ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ, ਏਡੀਸੀ ਵਿਕਾਸ ਜਸਪ੍ਰੀਤ ਸਿੰਘ, ਏਡੀਸੀ ਜਨਰਲ ਅਮਰਜੀਤ ਬੈਂਸ, ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਮਨਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।

Posted By: Seema Anand