ਪੰਜਾਬੀ ਜਾਗਰਣ ਬਿਊਰੋ, ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ 700 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਵਰਚੁਅਲ ਢੰਗ ਨਾਲ ਨੀਂਹ ਪੱਥਰ ਰੱਖ ਕੇ 11,000 ਕਰੋੜ ਰੁਪਏ ਦੀ ਲਾਗਤ ਵਾਲੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ (ਯੂ.ਈ.ਆਈ.ਪੀ) ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਅਤੇ ਇਸ ਨਾਲ ਹੀ ਸ਼ਹਿਰੀ ਖੇਤਰਾਂ ਵਿਚ ਆਰਥਿਕ ਗਤੀਵਿਧੀਆਂ ਨੂੰ ਬੜਾਵਾ ਦੇਣ ਲਈ ਬਕਾਇਆ ਵੈਟ ਮੁਲਾਂਕਣਾਂ ਲਈ ਇਕਮੁਸ਼ਤ ਨਿਪਟਾਰੇ ਦੀ ਨੀਤੀ ਦਾ ਐਲਾਨ ਵੀ ਕੀਤਾ।

ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਹੀ 167 ਸ਼ਹਿਰੀ ਸਥਾਨਕ ਸਰਕਾਰਾਂ ਦੇ ਕਸਬਿਆਂ ਵਿੱਚ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਆਬਕਾਰੀ ਦੇ ਕਰ ਵਿਭਾਗ ਵੱਲੋਂ ਛੇਤੀ ਹੀ ਇੱਕ ਸਕੀਮ ਨੋਟੀਫਾਈ ਕੀਤੀ ਜਾਵੇਗੀ ਜਿਸ ਦੀ ਸ਼ੁਰੂਆਤ ਕਰਨ ਬਾਰੇ ਉਨਾਂ ਦੀ ਸਰਕਾਰ ਨੇ ਇਰਾਦਾ ਕੀਤਾ ਹੈ ਕਿਉਂਕਿ ਉਦਯੋਗਾਂ ਵੱਲੋਂ ਇਹ ਮਸਲਾ ਚੁੱਕਿਆ ਜਾ ਰਿਹਾ ਸੀ ਕਿ ਉਨਾਂ ਦੇ ਵੈਟ ਮੁਲਾਂਕਣਾਂ ਸਬੰਧੀ ਮੁੱਦਿਆਂ ਦਾ ਹੱਲ ਤੇਜ਼ੀ ਨਾਲ ਨਹੀਂ ਕੀਤਾ ਜਾ ਰਿਹਾ। ਇਸ ਪੱਖ ਵੱਲ ਧਿਆਨ ਦਿੰਦੇ ਹੋਏ ਕਿ ਸ਼ਹਿਰ ਵੀ ਆਰਥਿਕ ਗਤੀਵਿਧੀਆਂ ਦੇ ਕੇਂਦਰ ਹਨ ਅਤੇ ਵਪਾਰ ਦੇ ਉਦਯੋਗ ਪੱਖੋਂ ਅਹਿਮ ਹਨ, ਮੁੱਖ ਮੰਤਰੀ ਨੇ ਦੱਸਿਆ ਕਿ ਉਨਾਂ ਨੇ ਉਦਯੋਗ ਅਤੇ ਕਰ ਵਿਭਾਗਾਂ ਨੂੰ ਇੱਕ ਅਜਿਹੀ ਹੋਰ ਹਾਂ-ਪੱਖੀ ਪ੍ਰਣਾਲੀ ਵਿਕਸਤ ਕਰਨ ਲਈ ਕਿਹਾ ਹੈ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਪਾਰੀਆਂ ਅਤੇ ਉਦਯੋਗ ਜਗਤ ਨਾਲ ਸਬੰਧਤ ਲੋਕਾਂ ਨੂੰ ਇੱਕ ਤੋਂ ਦੂਜੇ ਦਫ਼ਤਰ ਦੇ ਚੱਕਰ ਨਾ ਕੱਟਣੇ ਪੈਣ।

ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਸਮੂਹ ਕਸਬਿਆਂ ਵਿਚ ਸਾਫ ਸਫਾਈ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਉਨਾਂ ਸਾਰੇ ਸ਼ਹਿਰਾਂ ਨੂੰ ਘਰੇਲੂ ਠੋਸ ਰਹਿੰਦ-ਖੂੰਹਦ ਨੂੰ ਵੱਖਰਾ ਕਰਨ ਲਈ ਵੀ ਕਿਹਾ। ਉਨਾਂ ਇਸ ਮੌਕੇ ਭਾਰਤ ਸਰਕਾਰ ਦੁਆਰਾ ਕਰਵਾਏ ਜਾਂਦੇ ਸਾਫ-ਸਫਾਈ ਸਰਵੇਖਣਾਂ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਨਵਾਂਸ਼ਹਿਰ ਦੀ ਸ਼ਲਾਘਾ ਵੀ ਕੀਤੀ। ਇਹ ਯਕੀਨ ਜ਼ਾਹਿਰ ਕਰਦੇ ਹੋਏ ਕਿ ਯੂ.ਈ.ਆਈ.ਪੀ ਸਕੀਮਾਂ, ਜਿਨਾਂ ਵਿਚੋਂ 3000 ਕਰੋੜ ਰੁਪਏ ਤੱਕ ਦੇ ਕੰਮ ਪਹਿਲੇ ਪੜਾਅ ਵਿਚ ਪੂਰੇ ਕੀਤਾ ਜਾ ਚੁੱਕੇ ਹਨ, ਨਾਲ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਅਤੇ ਇੱਥੇ ਰਹਿਣ ਵਾਲੇ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਵੱਡੀ ਪੱਧਰ ’ਤੇ ਸੁਧਾਰ ਕਰਨ ਵਿਚ ਸੂਬਾ ਸਰਕਾਰ ਨੂੰ ਸਹਾਇਤਾ ਮਿਲੇਗੀ, ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਸ਼ਹਿਰੀ ਢਾਂਚੇ ਦਾ ਅਤਿ-ਆਧੁਨਿਕ ਵਿਕਾਸ ਅਤੇ ਇੱਥੋਂ ਦੀ ਆਬਾਦੀ ਨੂੰ ਅਸਰਦਾਰ ਢੰਗ ਨਾਲ ਸੇਵਾਵਾਂ ਮਿਲਣਾ ਯਕੀਨੀ ਬਣੇਗਾ।

ਇਸ ਮੌਕੇ 940 ਸਥਾਨਾਂ ਉੱਤੇ 45000 ਤੋਂ ਵੱਧ ਲੋਕਾਂ ਨਾਲ ਡਿਜੀਟਲ ਪ੍ਰਣਾਲੀ ਰਾਹੀਂ ਸੰਪਰਕ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਿੱਤੀ ਮੁਸ਼ਕਲਾਂ ਦੇ ਬਾਵਜੂਦ ਵੀ ਕੋਵਿਡ ਦੇ ਦਰਮਿਆਨ ਇਨਾਂ ਪ੍ਰਾਜੈਕਟਾਂ ਲਈ ਵਿੱਤੀ ਸਾਧਨ ਜੁਟਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਉਨਾਂ ਅੱਗੇ ਦੱਸਿਆ ਕਿ ਅਹਿਮ ਪ੍ਰਾਜੈਕਟਾਂ ਵਿਚ ਅੰਮਿ੍ਰਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿਖੇ ਨਹਿਰੀ ਪਾਣੀ ਦੀ ਸਪਲਾਈ ਸ਼ਾਮਲ ਹੈ ਅਤੇ ਜਲੰਧਰ ਵਿਚ ਇਹ ਕੰਮ ਅੱਜ ਤੋਂ ਹੀ ਸ਼ੁਰੂ ਹੋ ਰਿਹਾ ਹੈ ਜਦੋਂ ਕਿ ਪਟਿਆਲਾ ਵਿਖੇ ਇਸ ਦਾ ਨੀਂਹ ਪੱਥਰ ਭਲਕੇ ਰੱਖਿਆ ਜਾਵੇਗਾ। ਉਨਾਂ ਅੱਗੇ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਵੱਲੋਂ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਵੀ ਛੇਤੀ ਹੀ ਅਲਾਟ ਕੀਤਾ ਜਾਵੇਗਾ ਅਤੇ ਇਹ ਕੰਮ ਇੱਕ ਮਹੀਨੇ ਦੇ ਅੰਦਰ ਸ਼ੁਰੂ ਹੋ ਜਾਵੇਗਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ 'ਚ ਵਿਕਾਸ ਕੰਮਾਂ ਦਾ ਉਦਘਾਟਨ ਕਰ ਦਿੱਤਾ ਹੈ। ਜਲੰਧਰ 'ਚ ਕਰੀਬ 660 ਕਰੋੜ ਰੁਪਏ ਦੇ ਵਿਕਾਸ ਕੰਮਾਂ 'ਚ ਸਰਫੇਸ ਵਾਟਰ ਪ੍ਰੋਜੈਕਟ, ਸੀਵਰੇਜ਼ ਟ੍ਰੀਟਮੈਂਟ ਪਲਾਂਟ, 120 ਫੁਟੀ ਰੋਡ ਤੇ ਬਰਸਾਤੀ ਸੀਵਰੇਜ਼ ਤੇ ਸ਼ਹਿਰ 'ਚ 70000 ਐੱਲਈਡੀ ਲਾਈਟ ਲਗਾਉਣ ਦਾ ਪ੍ਰੋਜੈਕਟ ਸ਼ਾਮਲ ਹੈ। ਵਰਚੁਅਲ ਉਦਘਾਟਨ ਦੇ ਸਮੇਂ ਡਿਪਟੀ ਕਮਿਸ਼ਨਰ ਦੇ ਵੀਡੀਓ ਕਾਨਫਰੰਸਿੰਗ ਰੂਮ 'ਚ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਵਿਧਾਇਕ ਰਾਜੇਂਦਰ ਬੇਰੀ, ਵਿਧਾਇਕ ਬਾਵਾ ਹੈਨਰੀ, ਮੇਅਰ ਜਗਦੀਸ਼ ਰਾਜ ਰਾਜਾ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਪਰਗਟ ਸਿੰਘ, ਸੀਨੀਅਰ ਡਿਪਟੀ ਮੇਅਰ ਸੁਰਦਿੰਰ ਕੌਰ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਯੂਥ ਕਾਂਗਰਸ ਪ੍ਰਧਾਨ ਅੰਗਦ ਦੱਤਾ ਮੌਜੂਦ ਰਹੇ।

Posted By: Amita Verma