ਕਰਾਈਮ ਰਿਪੋਰਟਰ, ਜਲੰਧਰ : ਜਲੰਧਰ ਦੇ ਖ਼ਾਲਸਾ ਕਾਲਜ ਸਾਹਮਣੇ ਸਥਿਤ ਸਰਵੋਦਯਾ ਹਸਪਤਾਲ ਦੇ ਡਾਕਟਰ ਰਾਜੇਸ਼ ਅਗਰਵਾਲ ਨੇ ਆਪਣੇ ਇਕ ਭਾਈਵਾਲ ਡਾਕਟਰ ਪੰਕਜ ਤਿ੍ਵੇਦੀ ਤੇ ਹਸਪਤਾਲ ਦੀ ਨਰਸ ਰੂਬੀ ਉੱਪਰ ਉਸ ਨਾਲ ਧੋਖਾਧੜੀ ਕਰਨ ਦੇ ਇਲਜ਼ਾਮ ਲਾਉਂਦਿਆਂ ਥਾਣਾ ਨਵੀਂ ਬਾਰਾਂਦਰੀ ਨੂੰ ਸ਼ਿਕਾਇਤ ਦੇ ਕੇ ਦੋਵਾਂ ਵਿਰੁੱਧ ਧਾਰਾ 420 ਅਤੇ 120 ਬੀ ਅਧੀਨ ਮਾਮਲਾ ਦਰਜ ਕਰਨ ਦੀ ਬੇਨਤੀ ਕੀਤੀ ਹੈ। ਡਾ. ਰਾਜੇਸ਼ ਅਗਰਵਾਲ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਡਾਕਟਰ ਪੰਕਜ ਤਿ੍ਵੇਦੀ ਜੋ ਹਸਪਤਾਲ ਵਿਚ ਭਾਈਵਾਲ ਹੈ ਤੇ ਸਰਗਰਮੀ ਨਾਲ ਹਸਪਤਾਲ ਵਿਚ ਕੰਮ ਕਰਦਾ ਹੈ, ਨੇ ਮਰੀਜ਼ਾਂ ਕੋਲੋਂ ਇਲਾਜ ਲਈ ਵਸੂਲੇ ਗਏ ਪੈਸੇ ਹਸਪਤਾਲ ਦੇ ਖਾਤੇ 'ਚ ਜਮ੍ਹਾਂ ਨਹੀ ਕਰਵਾਏ। ਉਨਾਂ ਕਿਹਾ ਕਿ ਡਾਕਟਰ ਤਿ੍ਵੇਦੀ ਮਰੀਜ਼ਾਂ ਨੂੰ ਓਪੀਡੀ ਵਿਚ ਵੇਖਦਾ ਸੀ ਅਤੇ ਫੇਰ ਉਨ੍ਹਾਂ ਨੂੰ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਦਾਖ਼ਲ ਕਰ ਲੈਂਦਾ ਸੀ, ਜਿਸ ਲਈ ਉਹ ਮਰੀਜ਼ਾਂ ਤੋਂ ਪ੍ਰਰਾਪਤ ਕੀਤੇ ਗਏ ਪੈਸੇ ਦੀਆਂ ਰਸੀਦਾਂ ਵੀ ਦਿੰਦਾ ਸੀ। ਉਹ ਇਹ ਸਾਰਾ ਕੰਮ ਨਰਸ ਰੂਬੀ ਰਾਹੀਂ ਕਰਦਾ ਸੀ, ਜਿਸ ਨੂੰ ਉਹ ਆਪਣੀ ਮੁਲਾਜ਼ਮ ਸਮਝਦਾ ਸੀ। ਕੁਝ ਰਸੀਦਾਂ ਉਹ ਹਸਪਤਾਲ ਦੇ ਅਕਾਊਂਟ ਸੈਕਸ਼ਨ ਸਟਾਫ ਨੂੰ ਖਾਤੇ ਵਿਚ ਰਿਕਾਰਡ ਕਰਨ ਲਈ ਦੇ ਦਿੰਦਾ ਸੀ। ਇਸ ਸੰਬੰਧ ਵਿਚ ਜਦੋਂ ਸਾਰਾ ਘਾਲਾ-ਮਾਲਾ ਸਾਹਮਣੇ ਆਇਆ ਤਾਂ ਇਹ ਦੱਸਿਆ ਗਿਆ ਕਿ ਇਹ ਪੈਸਾ ਰੂਬੀ ਲੈਂਦੀ ਸੀ। ਡਾਕਟਰ ਅਗਰਵਾਲ ਨੇ ਆਪਣੀ ਸ਼ਿਕਾਇਤ ਵਿਚ ਇਲਜ਼ਾਮ ਲਾਇਆ ਹੈ ਕਿ ਇਸ ਸਾਲ ਜਨਵਰੀ 2020 ਵਿਚ ਡਾਕਟਰ ਤਿ੍ਵੇਦੀ ਨੇ 12.90 ਲੱਖ, ਫਰਵਰੀ 2020 ਵਿਚ 19.85 ਲੱਖ, ਮਾਰਚ 2020 ਵਿਚ 28 ਲੱਖ 11. 800 ਰੁਪਏ , ਅਪ੍ਰਰੈਲ ਵਿਚ 12,64,120 ਰੁਪਏ ਅਤੇ ਮਈ ਵਿੱਚ 17.65 ਲੱਖ ਰੁਪਏ ਆਪਣੇ ਕੋਲ ਰੱਖ ਲਏ। ਉਨ੍ਹਾਂ ਕੁਝ ਮਰੀਜ਼ਾਂ ਵੱਲੋਂ ਡਾਕਟਰ ਤਿ੍ਵੇਦੀ ਨੂੰ ਦਿੱਤੀ ਰਕਮ ਦੀ ਗੱਲ ਵੀ ਆਪਣੀ ਸ਼ਿਕਾਇਤ ਵਿਚ ਕੀਤੀ ਹੈ, ਜਿਨ੍ਹਾਂ ਨੇ ਡਾਕਟਰ ਤਿ੍ਵੇਦੀ ਨੂੰ ਇਲਾਜ ਲਈ ਪੈਸੇ ਦਿੱਤੇ ਸਨ। ਅਗਰਵਾਲ ਨੇ ਇਹ ਵੀ ਲਿਖਿਆ ਹੈ ਕਿ ਡਾ. ਪੰਕਜ ਤਿ੍ਵੇਦੀ ਨੇ ਅਕਾਊਂਟਸ ਸੈਕਸ਼ਨ ਨੂੰ ਆਪਣੇ ਦਸਤਖ਼ਤ ਕੀਤੇ ਵਾਊਚਰ ਦਿੰਦਿਆਂ ਕਿਹਾ ਕਿ ਅਪ੍ਰਰੈਲ ਅਤੇ ਮਈ ਮਹੀਨੇ ਦੇ ਪੈਸੇ ਉਨ੍ਹਾਂ ਕੋਲ ਹਨ ਤੇ ਵਾਅਦਾ ਕੀਤਾ ਸੀ ਕਿ ਜਨਵਰੀ ਤੋਂ ਮਾਰਚ ਤਕ ਦੇ ਵਾਊਚਰ ਉਹ ਦਸਤਖ਼ਤ ਕਰ ਕੇ ਦੇ ਦੇਣਗੇ ਪਰ ਅਜੇ ਤਕ ਉਨ੍ਹਾਂ ਅਜਿਹਾ ਨਹੀ ਕੀਤਾ। ਇਸ ਲਈ ਉਨਾਂ ਵਿਰੁੱਧ ਧੋਖੇਬਾਜ਼ੀ ਦਾ ਮਾਮਲਾ ਦਰਜ ਕੀਤਾ ਜਾਵੇ।

ਡਾ. ਪੰਕਜ ਤਿ੍ਵੇਦੀ ਨੇ ਇਲਜ਼ਾਮਾਂ ਨੂੰ ਨਕਾਰਿਆ

ਜਦ ਇਸ ਮਾਮਲੇ ਬਾਰੇ ਡਾ. ਪੰਕਜ ਤਿ੍ਵੇਦੀ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਸਾਰੇ ਇਲਜ਼ਾਮਾਂ ਨੂੰ ਗ਼ਲਤ ਦੱਸਦਿਆਂ ਕਿਹਾ ਕਿ ਸਤੰਬਰ 2019 ਤੋਂ ਹਸਪਤਾਲ ਵੱਲੋਂ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਤੇ ਨਾ ਹੀ ਕਿਸੇ ਹੋਰ ਡਾਕਟਰ ਨੂੰ ਕੋਈ ਪੈਸਾ ਦਿੱਤਾ ਗਿਆ ਸੀ ਕਿਉਂਕਿ ਹਸਪਤਾਲ ਦੀ ਮਾਲੀ ਹਾਲਤ ਠੀਕ ਨਹੀਂ ਸੀ, ਜਿਸ 'ਤੇ ਇਹ ਫ਼ੈਸਲਾ ਲਿਆ ਗਿਆ ਸੀ ਕਿ ਡਾਕਟਰ ਆਪਣੇ ਮਰੀਜ਼ਾਂ ਤੋਂ ਲਈ ਹੋਈ ਅਦਾਇਗੀ ਨੂੰ ਆਪਣੇ ਕੋਲ ਰੱਖ ਕੇ ਆਪਣੇ ਖ਼ਰਚੇ ਚਲਾਉਣਗੇ ਤੇ ਇਕ- ਇਕ ਪੈਸੇ ਦਾ ਹਿਸਾਬ ਰੱਖਣਗੇ। ਉਨ੍ਹਾਂ ਕਿਹਾ ਕਿ ਜਿੰਨੇ ਪੈਸੇ ਵੀ ਉਨ੍ਹਾਂ ਨੇ ਰੱਖੇ ਹਨ, ਉਸ ਦਾ ਸਾਰਾ ਹਿਸਾਬ ਅਕਾਊਂਟ ਵਿਭਾਗ ਨੂੰ ਦਿੱਤਾ ਹੋਇਆ ਹੈ।