ਪੰਜਾਬੀ ਜਾਗਰਣ ਕੇਂਦਰ, ਜਲੰਧਰ : ਮੰਗਲਵਾਰ ਨੂੰ ਕੋਵਿਡ-19 ਤਹਿਤ ਸਟਾਫ ਵੱਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਸਮੀਖਿਆ ਮੀਟਿੰਗ ਸਿਵਲ ਸਰਜਨ ਡਾ. ਰਮਨ ਸ਼ਰਮਾ ਦੀ ਅਗਵਾਈ ਵਿਚ ਕੀਤੀ ਗਈ। ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਸਿਹਤ ਟੀਮਾਂ ਨੂੰ ਐਤਵਾਰ ਅਤੇ ਹੋਰ ਛੁੱਟੀ ਵਾਲੇ ਦਿਨ ਵੀ ਕੋਵਿਡ ਸਂੈਪਿਲੰਗ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਐੈਤਵਾਰ ਜਾਂ ਕਿਸੇ ਵੀ ਛੁੱਟੀ ਵਾਲੇ ਦਿਨ ਵੀ ਕੋਵਿਡ-19 ਤਹਿਤ ਅਰਬਨ ਏਰੀਆ ਅਤੇ ਬਲਾਕ ਪੱਧਰ 'ਤੇ ਕੋਰੋਨਾ ਮਰੀਜ਼ਾਂ ਦੀ ਸ਼ਨਾਖਤ ਕਰਨ ਹਿੱਤ ਸੈਂਪਿਲੰਗ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਹਦਾਇਤ ਕੀਤੀ ਗਈ ਕਿ ਕੋਵਿਡ-19 ਤਹਿਤ ਕੰਮ ਕਰ ਰਹੀਆਂ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਪਾਜ਼ੀਟਿਵ ਕੋਵਿਡ ਕੇਸ ਆਉਣ 'ਤੇ ਤੁਰੰਤ ਕਾਰਵਾਈ ਕਰਨ ਉਪਰੰਤ ਰਿਪੋਰਟ ਉਨ੍ਹਾਂ ਦੇ ਧਿਆਨ ਵਿਚ ਲਿਆਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿਹਤ ਸਟਾਫ ਨੂੰ ਕੋਵਿਡ ਰੋਕਥਾਮ ਦੇ ਮੱਦੇਨਜ਼ਰ ਬਾਹਰਲੇ ਦੇਸ਼ਾਂ ਤੋਂ ਆ ਰਹੇ ਐੱਨਆਰਆਈਜ਼ ਦਾ ਵੀ ਧਿਆਨ ਰੱਖਣ ਅਤੇ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਦੇਣ ਸਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਪ੍ਰਰਾਈਵੇਟ ਹਸਪਤਾਲਾਂ ਤੋਂ ਕੋਵਿਡ-19 ਸਬੰਧੀ ਸਮੇਂ ਸਿਰ ਡਾਟਾ ਇਕੱਠਾ ਕੀਤਾ ਜਾਵੇ ਤਾਂ ਜੋ ਲੋੜੀਦੀਆਂ ਸਿਹਤ ਸੇਵਾਵਾਂ ਸਮੇਂ ਸਿਰ ਦਿੱਤੀਆਂ ਜਾਣ।

---------------

ਪ੍ਰਰਾਈਵੇਟ ਹਸਪਤਾਲਾਂ ਨੂੰ ਕੋਵਿਡ-19, ਡੇਂਗੂ ਅਤੇ ਸਵਾਈਨ ਫਲੂ ਸਬੰਧੀ ਹਦਾਇਤਾਂ ਜਾਰੀ

ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਪ੍ਰਰਾਈਵੇਟ ਹਸਪਤਾਲਾਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਸਿਹਤ ਵਿਭਾਗ ਵੱਲੋਂ ਜਾਰੀ ਗਾਈਡਲਾਈਨਜ਼ ਨੂੰ ਅਪਣਾਉਣਾ ਯਕੀਨੀ ਬਣਾਇਆ ਜਾਵੇ, ਕੋਵਿਡ-19, ਡੇਂਗੂ ਤੇ ਸਵਾਈਨ ਫਲੂ ਸਬੰਧੀ ਰਿਪੋਰਟਿੰਗ ਸਮੇਂ ਸਿਰ ਸੁਨਿਸ਼ਚਿਤ ਕੀਤੀ ਜਾਵੇ। ਉਨ੍ਹਾਂ ਨੇ ਡੇਂਗੂ ਦੇ ਸ਼ੱਕੀ ਮਰੀਜ਼ ਆਉਣ ਦੀ ਹਾਲਤ ਵਿਚ ਉਨ੍ਹਾਂ ਦੀ ਰਿਪੋਰਟਿੰਗ ਅਤੇ ਉਨ੍ਹਾਂ ਦੇ ਸੈਂਪਲ ਸਰਕਾਰੀ ਹਸਪਤਾਲ ਵਿਚ ਭੇਜੇ ਜਾਣ ਦੀ ਹਦਾਇਤ ਕੀਤੀ ਤੇ ਆਪਣੇ ਪੱਧਰ 'ਤੇ ਡੇਂਗੂ ਦਾ ਟੈਸਟ ਕਰਨ 'ਤੇ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਮੁਤਾਬਕ ਹੀ ਰਕਮ ਲਈ ਜਾਵੇ। ਸਿਵਲ ਸਰਜਨ ਵੱਲੋਂ ਸਵਾਈਨ ਫਲੂ ਬਾਰੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਪ੍ਰਰਾਈਵੇਟ ਹਸਪਤਾਲਾਂ ਨੂੰ ਫਲੂ ਕਾਰਨਰ ਬਣਾਉਣ ਵਾਸਤੇ ਕਿਹਾ ਗਿਆ ਅਤੇ ਖਾਂਸੀ-ਜ਼ੁਕਾਮ ਦੇ ਮਰੀਜ਼ਾਂ ਨੂੰ ਸਰਕਾਰੀ ਗਾਈਡਲਾਈਨਜ਼ ਮੁਤਾਬਕ ਕੈਟੇਗਰਾਈਜ਼ ਕਰ ਕੇ ਉਨ੍ਹਾਂ ਦੇ ਸੈਂਪਲ ਭੇਜਣ ਦੀ ਹਦਾਇਤ ਕੀਤੀ ਗਈ।