ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਨੂੰ ਮਲਟੀ ਸਪੈਸ਼ਲਿਟੀ ਹਸਪਤਾਲ ਬਣਾਉਣ ਤੋਂ ਪਹਿਲਾਂ ਕ੍ਰਿਟੀਕਲ ਕੇਅਰ ਸੈਂਟਰ ਸਥਾਪਤ ਕਰਨ ਲਈ ਚੱਲ ਰਹੀ ਕਵਾਇਦ ਠੰਢੇ ਬਸਤੇ 'ਚ ਪੈ ਗਈ ਹੈ। ਸਿਵਲ ਸਰਜਨ ਦਫਤਰ ਵਾਲੀ ਜਗ੍ਹਾ 'ਤੇ ਬਣਾਏ ਜਾਣ ਵਾਲੇ ਆਧੁਨਿਕ ਤਰੀਕੇ ਨਾਲ ਲੈਸ ਸੈਂਟਰ ਦਾ ਨਿਰਮਾਣ ਸ਼ੁਰੂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਗੰਭੀਰ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਸਿਵਲ ਸਰਜਨ ਦਫਤਰ ਨੂੰ ਤਬਦੀਲ ਕਰਨ 'ਚ ਕਾਮਯਾਬ ਹੁੰਦਾ ਨਜ਼ਰ ਨਹੀਂ ਆ ਰਿਹਾ। ਪਿਛਲੇ ਕਰੀਬ ਢਾਈ ਮਹੀਨਿਆ ਤੋਂ ਸਿਵਲ ਸਰਜਨ ਦਫਤਰ ਨੂੰ ਤਬਦੀਲ ਕਰਨ ਲਈ ਕਵਾਇਦ ਕੀਤੀ ਜਾ ਰਹੀ ਹੈ ਪਰ ਨਤੀਜੇ ਨਹੀਂ ਨਿਕਲ ਰਹੇ। ਓਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਜਲਦ ਹੀ ਸਮਸਿਆ ਦਾ ਹੱਲ ਕਰ ਕੇ ਕ੍ਰਿਟੀਕਲ ਕੇਅਰ ਸੈਂਟਰ ਦਾ ਕੰਮ ਸ਼ੁਰੂ ਕਰਨ ਦੀ ਗੱਲ ਕੀਤੀ ਹੈ। ਸਿਵਲ ਸਰਜਨ ਦਫਤਰ ਵਾਲੀ ਜਗ੍ਹਾ 'ਤੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ 40.5 ਕਰੋੜ ਰੁਪਏ ਦੀ ਲਾਗਤ ਤੋਂ 100 ਬੈੱਡ ਦੀ ਸਮਰੱਥਾ ਵਾਲਾ ਕ੍ਰਿਟੀ ਕੇਅਰ ਯੂਨਿਟ ਬਣਾਇਆ ਜਾਵੇਗਾ। ਸਰਕਾਰ ਵੱਲੋਂ ਸਿਵਲ ਸਰਜਨ ਦਫਤਰ ਨੂੰ ਦੂਸਰੀ ਜਗ੍ਹਾ 'ਤੇ ਤਬਦੀਲ ਕਰ ਕੇ ਫਰਵਰੀ ਮਹੀਨੇ ਤੋਂ ਪਹਿਲੇ ਹਫਤੇ ਕੰਮ ਸ਼ੁਰੂ ਕਰਨ ਦਾ ਟੀਚਾ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਸਰਜਨ ਨੂੰ ਤਬਦੀਲ ਕਰਕੇ ਇਮਾਰਤ ਨੂੰ ਢਾਹੁਣ ਦਾ ਕੰਮ ਵੀ ਸ਼ੁਰੂ ਨਹੀਂ ਕਰਵਾਇਆ ਗਿਆ। ਉੱਥੇ ਸਿਵਲ ਸਰਜਨ ਦਫਤਰ ਨੂੰ ਦੂਸਰੀ ਜਗ੍ਹਾ ਤਬਦੀਲ ਕਰਨ ਲਈ ਜਗ੍ਹਾ ਵੀ ਪੱਕੀ ਨਹੀਂ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਮਿਸ਼ਨ ਚੌਕ ਕੋਲ ਆਈਟੀਆਈ ਕਾਲਜ ਤੇ ਸਪੋਰਟਸ ਕਾਲਜ ਕੋਲ ਪਟਵਾਰਖਾਨੇ ਵਾਲੀ ਜ਼ਗ੍ਹਾ ਵੀ ਦਫਤਰ ਤਬਦੀਲ ਕਰਨ ਲਈ ਸਹੀ ਨਹੀਂ ਨਿਕਲੀ। ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਟੇਡੀਅਮ 'ਚ ਬਣੀ ਇਮਾਰਤ 'ਚ ਤਬਦੀਲ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ। ਡਿਪਟੀ ਕਮਿਸ਼ਨਰ ਜਸਪ੍ਰਰੀਤ ਸਿੰਘ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਸਰਜਨ ਦਫਤਰ ਦੇ ਸਟਾਫ ਦੀ ਗਿਣਤੀ ਤੇ ਕੰਮ ਤੋਂ ਇਲਾਵਾ ਲੋਕਾਂ ਦੀ ਸੁਵਿਧਾ ਨੂੰ ਧਿਆਨ 'ਚ ਰੱਖਦੇ ਹੋਏ ਦਫਤਰ ਨੂੰ ਤਬਦੀਲ ਕਰਨ ਲਈ ਸਹੀ ਜਗ੍ਹਾ ਲੱਭੀ ਜਾ ਰਹੀ ਹੈ। ਉਨ੍ਹਾਂ ਜਲਦੀ ਹੀ ਸਮੱਸਿਆ ਦਾ ਹੱਲ ਕਰ ਕੇ ਕ੍ਰਿਟੀਕਲ ਕੇਅਰ ਯੂਨਿਟ ਦਾ ਕੰਮ ਸ਼ੁਰੂ ਕਰਨ ਦੀ ਗੱਲ ਕੀਤੀ।
ਸਿਵਲ ਸਰਜਨ ਦਫਤਰ ਨੂੰ ਨਹੀਂ ਮਿਲੀ ਜਗ੍ਹਾ, ਸ਼ੁਰੂ ਹੋਣ ਤੋਂ ਪਹਿਲਾਂ ਹਵਾ 'ਚ ਸੀਸੀਯੂ
Publish Date:Wed, 08 Feb 2023 10:14 PM (IST)
