ਜੇਐੱਨਐੱਨ, ਜਲੰਧਰ : ਕਰਾਈਮ ਰਿਪੋਰਟਰ : ਸਿਵਲ ਹਸਪਤਾਲ 'ਚ ਇਲਾਜ ਨੂੰ ਲੈ ਕੇ ਲਾਪਰਵਾਹੀ ਦੇ ਮਾਮਲੇ ਲਗਾਤਾਰ ਵਧਣ ਨਾਲ ਮਰੀਜ਼ਾਂ ਦਾ ਇਲਾਜ ਤੋਂ ਭਰੋਸਾ ਉੱਠਣ ਲੱਗਾ ਹੈ। ਬੁੱਧਵਾਰ ਨੂੰ ਹਸਪਤਾਲ ਦੇ ਡਾਕਟਰ ਦੀ ਲਾਪਰਵਾਹੀ ਨਾਲ ਤਿਆਰ ਰਿਪੋਰਟ ਤੋਂ ਭੜਕੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ। ਮਾਪਿਆਂ ਨੇ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਤੇ ਪੁਲਿਸ ਥਾਣਾ-4 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਹਸਪਤਾਲ ਦੀ ਮੈਡੀਕਲ ਸੁਪਰਡੈਂਟ ਨੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਉਥੇ ਸਿਵਲ ਹਸਪਤਾਲ 'ਚ ਰੇਡੀਓਲਾਜੀ ਵਿਭਾਗ 'ਚ ਇਕ ਖਾਲੀ ਅਹੁਦਾ ਨਾ ਭਰਨ ਦੀ ਵਜ੍ਹਾ ਨਾਲ ਭਵਿੱਖ 'ਚ ਵੱਡੀ ਗੜਬੜੀ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਭਾਰਗੋ ਕੈਂਪ ਵਾਸੀ ਮਮਤਾ ਨੇ ਦੱਸਿਆ ਕਿ ਉਸ ਦੇ ਪਤੀ ਰਾਜ ਕੁਮਾਰ ਪੇਟ ਦੇ ਕੈਂਸਰ ਦਾ ਦਰਦ ਝੱਲ ਰਿਹਾ ਹੈ। ਉਸ ਦਾ ਪਹਿਲਾਂ ਪੀਜੀਆਈ ਚੰਡੀਗੜ੍ਹ 'ਚ ਇਲਾਜ ਚੱਲਦਾ ਸੀ। ਉਸ ਦੀ ਤਬੀਅਤ ਖ਼ਰਾਬ ਹੋਣ 'ਤੇ ਕਰੀਬ ਦੋ ਹਫ਼ਤੇ ਪਹਿਲਾਂ ਉਸ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਪੇਟ ਦੀ ਸਕੈਨਿੰਗ ਕਰਵਾਉਣ ਦੀ ਸਲਾਹ ਦਿੱਤੀ। ਮਰੀਜ਼ ਨੂੰ ਪੂਰਾ ਦਿਨ ਖਾਲੀ ਪੇਟ ਰੱਖਿਆ ਤੇ ਤਿੰਨ ਵਜੇ ਅਲਟਰਾ ਸਾਊਂਡ ਸਕੈਨਿੰਗ ਕੀਤੀ। ਅਲਟਰਾ ਸਾਊਂਡ ਦੀ ਰਿਪੋਰਟ ਹੈਰਾਨ ਕਰਨ ਵਾਲੀ ਸੀ। ਰਿਪੋਰਟ 'ਚ ਮਰੀਜ਼ ਨੂੰ ਕੈਂਸਰ ਦੀ ਬਿਮਾਰੀ ਨਹੀਂ ਦੱਸੀ ਗਈ। ਉਨ੍ਹਾਂ ਨੇ ਦੋਸ਼ ਲਾਇਆ ਕਿ ਅਲਟਰਾ ਸਾਊਂਡ ਸਕੈਨਿੰਗ ਕਰਨ ਵਾਲਾ ਡਾ. ਐੱਮਪੀ ਸਿੰਘ ਨੇ ਜਾਂਚ ਤੇ ਰਿਪੋਰਟ ਤਿਆਰ ਕਰਨ 'ਚ ਕੁਤਾਹੀ ਵਰਤੀ ਹੈ, ਜਦੋਂ ਸ਼ਹਿਰ ਦੇ ਨਿੱਜੀ ਸੈਂਟਰ ਤੋਂ ਅਲਟਰਾ ਸਾਊਂਡ ਸਕੈਨ ਕਰਵਾਈ ਗਈ ਤਾਂ ਉਸ 'ਚ ਕੈਂਸਰ ਦੀ ਪੁਸ਼ਟੀ ਹੋਈ ਹੈ। ਮਮਤਾ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਰਿਪੋਰਟ ਸਬੰਧੀ ਜਦੋਂ ਡਾ. ਐੱਮਪੀ ਸਿੰਘ ਕੋਲ ਗਏ ਤਾਂ ਉਨ੍ਹਾਂ ਨੇ ਗਾਲੀ-ਗਲੋਚ ਕਰ ਕੇ ਕਮਰੇ 'ਚੋਂ ਧੱਕੇ ਮਾਰ ਕੇ ਕੱਢ ਦਿੱਤਾ। ਇਸ ਮਾਮਲੇ ਸਬੰਧੀ ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਮਨਦੀਪ ਕੌਰ ਤੇ ਪੁਲਿਸ ਥਾਣਾ-4 'ਚ ਡਾਕਟਰ ਖ਼ਿਲਾਫ਼ ਕਾਰਵਾਈ ਲਈ ਸ਼ਿਕਾਇਤ ਦਰਜ ਕਰਵਾਈ ਹੈ। ਡਾ. ਐੱਮਪੀ ਸਿੰਘ ਨੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਗਾਲੀ-ਗਲੋਚ ਤੇ ਧੱਕੇ ਨਹੀਂ ਮਾਰੇ। ਉਨ੍ਹਾਂ ਨੇ ਮਰੀਜ਼ ਦੇ ਪਰਿਵਾਰਕ ਮੈਂਬਰਾਂ 'ਤੇ ਇਤਰਾਜ਼ਯੋਗ ਸ਼ਬਦ ਬੋਲਣ ਦੇ ਦੋਸ਼ ਲਾਏ। ਉਨ੍ਹਾਂ ਨੇ ਕਿਹਾ ਕਿ ਅਲਟਰਾ ਸਾਊਂਡ ਸਕੈਨਿੰਗ ਕਰਨ ਤੋਂ ਬਾਅਦ ਪੁਰਾਣੀ ਰਿਪੋਰਟ ਲੈ ਕੇ ਆਉਣ ਦੀ ਗੱਲ ਕਹੀ ਸੀ ਤੇ ਪਰਿਵਾਰਕ ਮੈਂਬਰਾਂ ਨੇ ਸਾਫ ਪੱਲਾ ਝਾੜ ਲਿਆ ਸੀ। ਉਨ੍ਹਾਂ ਨੂੰ ਸਕੈਨਿੰਗ ਵੇਲੇ ਪੇਟ 'ਚ ਕੈਂਸਰ ਨਾਲ ਸਬੰਧਤ ਮਾਸ ਦਾ ਟੁਕੜਾ ਨਹੀਂ ਮਿਲਿਆ ਸੀ। ਮਰੀਜ਼ਾਂ ਨੇ ਰਿਪੋਰਟ ਛੇਤੀ ਲੈਣ ਲਈ ਕਾਫੀ ਦਬਾਅ ਬਣਾਇਆ ਹੋਇਆ ਸੀ। ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਮਨਦੀਪ ਕੌਰ ਦਾ ਕਹਿਣਾ ਹੈ ਕਿ ਉਕਤ ਡਾਕਟਰ ਖ਼ਿਲਾਫ਼ ਡਾ. ਚੰਨਜੀਵ ਸਿੰਘ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਵੀਰਵਾਰ ਨੂੰ ਡਾਕਟਰਾਂ ਦੀ ਟੀਮ ਦੋਵੇਂ ਧਿਰਾਂ ਦੇ ਬਿਆਨ ਲੈ ਕੇ ਜਾਂਚ ਕਰੇਗੀ। ਇਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।