ਜਤਿੰਦਰ ਪੰਮੀ, ਜਲੰਧਰ : ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਦਾਅਵਾ ਕਰਨ ਵਾਲੇ ਸਰਕਾਰੀ ਹਸਪਤਾਲ ਦੀ ਅੱਜ ਵੱਡੀ ਲਾਪ੍ਰਵਾਹੀ ਉਸ ਵੇਲੇ ਸਾਹਮਣੇ ਆਈ ਜਦੋਂ ਹਸਪਤਾਲ ਵਿਚ ਦਾਖਲ ਚਾਰ ਬੇਸਹਾਰਾ ਮਰੀਜ਼ਾਂ ਨੂੰ ਐਂਬੂਲੈਂਸ ਰਾਹੀਂ ਲਿਆ ਕੇ ਦੋਮੋਰੀਆ ਪੁਲ ਕੋਲ ਮਰਨ ਲਈ ਛੱਡ ਦਿੱਤਾ ਗਿਆ।

ਜਦੋਂ ਆਸ ਪਾਸ ਦੇ ਦੁਕਾਨਦਾਰਾਂ ਨੇ ਉਕਤ ਵਿਅਕਤੀਆਂ ਨੂੰ ਗੰਭੀਰ ਹਾਲਤ ਵਿਚ ਕਰਾਹੁੰਦੇ ਹੋਏ ਦੇਖਿਆ ਤਾਂ ਉਨ੍ਹਾਂ ਕੋਲੋਂ ਪੁੱਛਿਆ ਤਾਂ ਇਕ ਮਰਨਾਊ ਹਾਲਤ ਵਿਚ ਪਏ ਮਰੀਜ਼ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਸੀ ਪਰ ਡਾਕਟਰਾਂ ਵੱਲੋਂ ਉਨ੍ਹਾਂ ਦਾ ਕੋਈ ਇਲਾਜ ਨਹੀਂ ਕੀਤਾ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਅੱਜ ਸ਼ਾਮ ਵੇਲੇ ਸਿਵਲ ਹਸਪਤਾਲ ਵਿਚੋਂ ਉਥੋਂ ਦੇ ਮੁਲਾਜ਼ਮ ਐਂਬੂਲੈਂਸ ਵਿਚ ਪਾ ਕੇ ਉਸ ਸਮੇਤ ਚਾਰ ਬੇਸਹਾਰਾ ਮਰੀਜ਼ਾਂ ਨੂੰ ਇੱਥੇ ਦੋਮੋਰੀਆ ਪੁਲ ਨੇੜੇ ਬਣੇ ਰੈਣ ਬਸੇਰੇ ਦੇ ਬਾਹਰ ਛੱਡ ਕੇ ਚਲੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਸਿਨੇਮਾ ਮਾਰਕੀਟ ਦੇ ਪ੍ਰਧਾਨ ਲਲਿਤ ਮਹਿਤਾ ਨੇ ਦੱਸਿਆ ਕਿ ਚਾਰਾਂ ਮਰੀਜ਼ਾਂ ਵਿਚੋਂ ਇਕ ਦੇ ਚੂਲ੍ਹੇ ਦੀ ਸੱਟ ਕਾਰਨ ਸਰੀਰ ਵਿਚ ਛੇਕ ਹੋ ਚੁੱਕੇ ਹਨ ਅਤੇ ਉਹ ਮਰਨ ਕੰਢੇ ਹੈ। ਦੂਜੇ ਦੀ ਲੱਤ ਟੁੱਟੀ ਹੋਈ ਹੈ ਜਦੋਂਕਿ ਦੋ ਥੋੜ੍ਹਾ ਜਿਹਾ ਤੁਰ ਫਿਰ ਲੈਂਦੇ ਹਨ। ਜਿਹੜੇ ਤੁਰ ਲੈਂਦੇ ਸਨ ਉਹ ਤਾਂ ਉਥੋਂ ਚਲੇ ਗਏ ਪਰ ਬਾਕੀ ਦੋਵੇਂ ਮਰਨ ਲਈ ਮਜਬੂਰ ਹਨ।

ਲਲਿਤ ਮਹਿਤਾ ਨੇ ਦੱਸਿਆ ਕਿ ਚੂਲ੍ਹੇ ਦੀ ਸੱਟ ਕਾਰਨ ਅਧਮੋਈ ਹਾਲਤ ਵਾਲੇ ਮਰੀਜ਼ ਨੇ ਦੱਸਿਆ ਕਿ ਉਹ ਆਦਰਸ਼ ਨਗਰ ਚੌਕ ਨੇੜੇ ਫੁਟਪਾਥ ਉਪਰ ਰਹਿੰਦਾ ਹੈ ਅਤੇ ਕੁਝ ਸਮਾਂ ਪਹਿਲਾਂ ਫੁੱਟਬਾਲ ਚੌਕ ਵਿਚ ਉਸ ਕਿਸੇ ਗੱਡੀ ਨੇ ਟੱਕਰ ਮਾਰ ਦਿੱਤੀ ਸੀ ਅਤੇ ਉਸ ਦਾ ਚੂਲ੍ਹਾ ਟੁੱਟ ਗਿਆ ਸੀ।

ਆਸ ਪਾਸ ਦੇ ਲੋਕਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਸੀ ਪਰ ਉਥੇ ਵੀ ਡਾਕਟਰ ਕਦੇ ਕਦੇ ਹੀ ਬਾਤ ਪੁੱਛਦੇ ਸਨ। ਅੱਜ ਉਸ ਨੂੰ ਬਾਕੀ ਮਰੀਜ਼ਾਂ ਦੇ ਨਾਲ ਹੀ ਇੱਥੇ ਲਿਆ ਕੇ ਛੱਡ ਦਿੱਤਾ ਹੈ। ਉਸ ਨੇ ਮਾਰਕੀਟ ਵਾਲਿਆਂ ਨੂੰ ਕਿਹਾ ਕਿ ਉਸ ਨੂੰ ਆਦਰਸ਼ ਨਗਰ ਚੌਕ ਨੇੜੇ ਉਸ ਫੁਟਪਾਥ ਵਾਲੇ ਟਿਕਾਣੇ ਉਪਰ ਛੱਡ ਦਿੱਤਾ ਜਾਵੇ।

ਲਲਿਤ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ 108 ਐਂਬੂਲੈਂਸ ਨੂੰ ਫੋਨ ਕਰਕੇ ਉਕਤ ਮਰੀਜ਼ਾਂ ਬਾਰੇ ਦੱਸਿਆ ਤਾਂ ਐਂਬੂਲੈਂਸ ਉਥੇ ਆ ਗਈ ਪਰ 108 ਦੇ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ। ਉਹ ਮਰੀਜ਼ਾਂ ਨੂੰ ਲਿਜਾਣ ਤੋਂ ਮੁੱਕਰ ਰਹੇ ਸਨ ਪਰ ਮਾਰਕੀਟ ਵਾਲਿਆਂ ਦੇ ਜ਼ੋਰ ਪਾਉਣ ਤੋਂ ਬਾਅਦ ਉਹ ਦੋਵਾਂ ਮਰੀਜ਼ਾਂ ਨੂੰ ਸਿਵਲ ਹਸਪਤਾਲ ਲੈ ਗਏ। ਲਲਿਤ ਮਹਿਤਾ ਤੇ ਹੋਰ ਦੁਕਾਨਦਾਰਾਂ ਨੇ ਸਿਵਲ ਹਸਪਤਾਲ ਦੇ ਇਸ ਅਣਮਨੁੱਖੀ ਵਿਵਹਾਰ ਅਤੇ ਐਂਬੂਲੈਂਸ ਵਾਲਿਆਂ ਦੇ ਮਾੜੇ ਵਤੀਰੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਸਵੇਰੇ ਦੋਮੋਰੀਆ ਪੁਲ ਵਿਖੇ ਧਰਨਾ ਲਾਉਣ ਤੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।

ਲਲਿਤ ਮਹਿਤਾ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਲੋੜਵੰਦ ਤੇ ਬੇਸਹਾਰਾ ਮਰੀਜ਼ਾਂ ਦੇ ਇਲਾਜ ਲਈ ਸਿਵਲ ਹਸਪਤਾਲ ਵਿਚ ਸੇਵਾਵਾਂ ਦੇਣ ਦੇ ਦਾਅਵੇ ਕਰ ਰਹੇ ਹਨ ਅਤੇ ਸਿਵਲ ਹਸਪਤਾਲ ਪ੍ਰਸ਼ਾਸਨ ਗਰੀਬ ਮਰੀਜ਼ਾਂ ਦਾ ਇਲਾਜ ਕਰਨ ਦੀ ਬਜਾਏ ਉਨ੍ਹਾਂ ਨੂੰ ਸੜਕਾਂ ਉੱਪਰ ਸੁੱਟ ਰਿਹਾ ਹੈ।

Posted By: Jagjit Singh