ਜਲੰਧਰ 'ਚ ਸਿਰਫ 9 ਥਾਵਾਂ 'ਤੇ ਹੋ ਸਕਣਗੇ ਸ਼ਾਂਤਮਈ ਧਰਨਾ ਪ੍ਰਦਰਸ਼ਨ, ਪ੍ਰਸ਼ਾਸਨ ਤੋਂ ਲੈਣੀ ਪਵੇਗੀ ਲਿਖਤ ਮਨਜ਼ੂਰੀ
Publish Date:Tue, 23 Feb 2021 05:08 PM (IST)
ਜਲੰਧਰ : ਵੱਖ-ਵੱਖ ਸੰਗਠਨਾਂ ਵੱਲੋਂ ਕੀਤੇ ਜਾਂਦੇ ਧਰਨਿਆਂ ਤੋਂ ਲੋਕਾਂ ਨੂੰ ਘੱਟ ਤੋਂ ਘੱਟ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ, ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਂਤਮਈ ਧਰਨਿਆਂ ਲਈ 9 ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸ਼ਾਂਤਮਈ ਧਰਨਿਆਂ ਲਈ ਥਾਵਾਂ ਦੀ ਚੋਣ ਬਹੁਤ ਹੀ ਸੋਚ ਵਿਚਾਰ ਮਗਰੋਂ ਕੀਤੀ ਗਈ ਹੈ ਤਾਂ ਜੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਾਂ ਸੰਸਥਾਵਾਂ ਵਲੋਂ ਰੋਸ ਵਿਖਾਵਿਆਂ ਦੌਰਾਨ ਆਮ ਜਨ ਜੀਵਨ ਪ੍ਰਭਾਵਿਤ ਨਾ ਹੋ ਸਕੇ।
ਇਨ੍ਹਾਂ 9 ਥਾਵਾਂ 'ਤੇ ਕਰ ਸਕੋਗੇ ਧਰਨਾ ਪ੍ਰਦਰਸ਼ਨ
- ਪੁੱਡਾ ਗਰਾਊਂਡ ਤਹਿਸੀਲ ਕੰਪਲੈਕਸ ਦੇ ਸਾਹਮਣੇ
- ਦੇਸ਼ ਭਗਤ ਯਾਦਗਾਰ ਹਾਲ
- ਬਰਲਟਨ ਪਾਰਕ
- ਦੁਸਹਿਰਾ ਗਰਾਊਂਡ ਜਲੰਧਰ ਕੈਂਟ
- ਇੰਪਰੂਵਮੈਂਟ ਟਰੱਸਟ ਗਰਾਊਂਡ ਕਰਤਾਰਪੁਰ
- ਦਾਣਾ ਮੰਡੀ ਭੋਗਪੁਰ
- ਕਪੂਰਥਲਾ ਰੋਡ ਨਕੋਦਰ ਦਾ ਪੱਛਮੀ ਪਾਸਾ
- ਦਾਣਾ ਮੰਡੀ ਪਿੰਡ ਸੈਫ਼ਾਵਾਲਾ(ਫਿਲੌਰ)
- ਨਗਰ ਪੰਚਾਇਤ ਕੰਪਲੈਕਸ ਸ਼ਾਹਕੋਟ
ਉਨ੍ਹਾਂ ਕਿਹਾ ਕਿ ਇਹ ਸਥਾਨ ਕੇਵਲ ਸ਼ਾਂਤਮਈ ਧਰਨਿਆਂ ਲਈ ਹੀ ਨਿਰਧਾਰਤ ਕੀਤੇ ਗਏ ਹਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਧਰਨੇ ਤੋਂ ਪਹਿਲਾਂ ਕਮਿਸ਼ਨਰ ਪੁਲਿਸ ਜਾਂ ਸਬੰਧਤ ਉਪ ਮੰਡਲ ਮੈਜਿਸਟਰੇਟ , ਜੋ ਵੀ ਲਾਗੂ ਹੋਵੇ, ਪਾਸੋਂ ਧਰਨੇ ਦੀ ਅਗਾਉਂ ਪ੍ਰਵਾਨਗੀ ਲੈਣੀ ਹੋਵੇਗੀ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਹਥਿਆਰ ਜਿਵੇਂ ਚਾਕੂ ,ਲਾਠੀ ਜਾਂ ਕੋਈ ਹੋਰ ਲੈ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਉਨ੍ਹਾਂ ਦੱਸਿਆ ਕਿ ਧਰਨੇ ਦੌਰਾਨ ਧਰਨਾ ਦੇਣ ਵਾਲੀ ਸੰਸਥਾ/ਪਾਰਟੀ ਨੂੰ ਇਹ ਲਿਖਤੀ ਦੇਣਾ ਪਵੇਗਾ ਕਿ ਇਹ ਧਰਨਾ ਪੂਰੀ ਤਰ੍ਹਾਂ ਨਾਲ ਸ਼ਾਂਤਮਈ ਹੋਵੇਗਾ। ਇਸੇ ਤਰ੍ਹਾਂ ਧਰਨੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਗੈਰ ਕਾਨੂੰਨੀ ਕਾਰਜ ਕਾਰਨ ਹੋਣ ਵਾਲੇ ਜਾਨੀ ਜਾਂ ਮਾਲੀ ਨੁਕਸਾਨ ਦੀ ਪੂਰਤੀ ਵੀ ਉਨ੍ਹਾਂ ਨੂੰ ਹੀ ਕਰਨੀ ਪਵੇਗੀ।
ਉਨ੍ਹਾਂ ਦੱਸਿਆ ਕਿ ਇਹ ਹੁਕਮ ਮਾਲ ਪੁਨਰਵਿਸੇਬਾ ਅਤੇ ਆਫ਼ਤ ਪ੍ਰਬੰਧਨ ਵਿਭਾਗ ,ਪੰਜਾਬ ਵਲੋਂ ਰਿੱਟ ਪਟੀਸ਼ਨ ਨੰ : 28061 ‘ਵਰਿੰਦਰਪਾਲ ਸਿੰਘ ਬਨਾਮ ਪੰਜਾਬ ਸਟੇਟ’ ਅਨੁਸਾਰ ਜਾਰੀ ਕੀਤੇ ਗਏ ਹਨ ਅਤੇ ਇਹ ਹੁਕਮ 22 ਫਰਵਰੀ 2021 ਤੋਂ ਜਾਰੀ ਹੋਣ ’ਤੇ ਅਗਲੇ ਦੋ ਮਹੀਨੇ ਤੱਕ ਲਾਗੂ ਰਹਿਣਗੇ।
Posted By: Tejinder Thind