ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਮਹਾਨਗਰ ਦੀ ਕਮਿਸ਼ਨਰੇਟ ਪੁਲਿਸ ਨੂੰ ਮੁੜ ਚਾਰ ਡੀਸੀਪੀ ਮਿਲ ਗਏ ਹਨ। ਇਸ ਤੋਂ ਪਹਿਲਾਂ ਕਮਿਸ਼ਨਰੇਟ ਪੁਲਿਸ ਕੋਲ ਸਿਰਫ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਦੇ ਮੋਿਢਆ 'ਤੇ ਹੀ ਕ੍ਰਾਈਮ, ਇਨਵੈਸਟੀਗੇਸ਼ਨ, ਲਾਅ ਐਂਡ ਆਰਡਰ ਤੇ ਹੈੱਡਕੁਆਰਟਰ ਦਾ ਕੰਮ ਸੀ। ਹੁਣ ਮਹਾਨਗਰ ਦੀ ਏਡੀਸੀਪੀ ਆਈਪੀਐੱਸ ਵਤਸਲਾ ਗੁਪਤਾ ਨੂੰ ਡੀਸੀਪੀ ਵਜੋਂ ਤਰੱਕੀ ਦੇ ਕੇ ਡੀਸੀਪੀ ਹੈੱਡਕੁਆਰਟਰ ਬਣਾ ਦਿੱਤਾ ਗਿਆ ਹੈ। ਉਥੇ ਹੀ ਆਈਪੀਐੱਸ ਡਾ. ਅੰਕੁਰ ਗੁਪਤਾ ਨੂੰ ਡੀਸੀਪੀ ਲਾਅ ਐਂਡ ਆਰਡਰ ਬਣਾਇਆ ਗਿਆ ਹੈ ਅਤੇ ਪੀਪੀਐੱਸ ਜਗਮੋਹਨ ਸਿੰਘ ਨੂੰ ਡੀਸੀਪੀ ਕ੍ਰਾਈਮ ਲਾਇਆ ਗਿਆ ਹੈ। ਸਾਰੇ ਅਧਿਕਾਰੀਆ ਨੇ ਮੰਗਲਵਾਰ ਨੂੰ ਆਪਣਾ ਚਾਰਜ ਸੰਭਾਲ ਲਿਆ ਅਤੇ ਪੀਪੀਐੱਸ ਜਸਕਿਰਨਰਜੀਤ ਸਿੰਘ ਤੇਜਾ ਨੂੰ ਡੀਸੀਪੀ ਇਨਵੈਸਟੀਗੇਸ਼ਨ ਦਾ ਚਾਰਜ ਦਿੱਤਾ ਗਿਆ ਹੈ। ਕਮਿਸ਼ਨਰੇਟ ਪੁਲਿਸ ਦੇ ਡੀਸੀਪੀ ਜਗਮੋਹਨ ਸਿੰਘ ਤੇ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਸ਼ਹਿਰ 'ਚ ਅਪਰਾਧ ਦਾ ਪਤਾ ਲਾਉਣ ਤੇ ਰੋਕਥਾਮ ਲਈ ਵੱਡੇ ਪੱਧਰ 'ਤੇ ਯਤਨ ਕਰ ਕੇ ਮਹਾਨਗਰ ਨੂੰ ਅਪਰਾਧ ਮੁਕਤ ਬਣਾਉਣ ਨੂੰ ਪਹਿਲ ਦਿੱਤੀ ਜਾਵੇਗੀ। ਦੋਵਾਂ ਅਧਿਕਾਰੀਆ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਤੂਰ ਦੀ ਅਗਵਾਈ ਹੇਠ ਉਨ੍ਹਾਂ ਦੀ ਸਭ ਤੋਂ ਪਹਿਲੀ ਪਹਿਲਕਦਮੀ ਨਸ਼ੇ ਦੀ ਸਪਲਾਈ ਚੇਨ ਤੋੜਨਾ ਅਤੇ ਅਪਰਾਧਕ ਅਨਸਰਾਂ 'ਤੇ ਕਾਬੂ ਪਾਉਣਾ ਹੋਵੇਗਾ। ਕਮਿਸ਼ਨਰੇਟ ਪੁਲਿਸ 'ਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਆਪਣੇ ਏਜੰਡੇ ਦੱਸਦਿਆਂ ਡੀਸੀਪੀ ਨੇ ਕਿਹਾ ਕਿ ਅਪਰਾਧੀਆਂ ਨੂੰ ਫੜਨ 'ਤੇ ਧਿਆਨ ਦਿੱਤਾ ਜਾਵੇਗਾ। ਇਸੇ ਤਰ੍ਹਾਂ ਨਸ਼ਿਆ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਅਤੇ ਸ਼ਹਿਰ 'ਚੋਂ ਇਸ ਕਲੰਕ ਨੂੰ ਪੂਰੀ ਮਿਟਾਉਣ 'ਤੇ ਜ਼ੋਰ ਦਿੱਤਾ ਜਾਵੇਗਾ। ਡੀਸੀਪੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੀਸੀਆਰ ਟੀਮਾਂ ਨੂੰ ਵਧੇਰੇ ਜ਼ਿੰਮੇਵਾਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਥਾਣਿਆਂ ਵਿੱਚ ਪਬਲਿਕ ਡੀਿਲੰਗ ਨੁੰ ਹੋਰ ਵਧੀਆ ਬਣਾਇਆ ਜਾਵੇਗਾ ਤੇ ਇਸ ਲਈ ਪੁਲਿਸ ਅਧਿਕਾਰੀ ਜਵਾਬਦੇਹ ਹੋਣਗੇ। ਪੁਲਿਸਿੰਗ ਨੂੰ ਹੋਰ ਵਧੀਆ, ਜ਼ਿੰਮੇਵਾਰ ਅਤੇ ਪਾਰਦਰਸ਼ੀ ਬਣਾਉਣ ਲਈ ਆਮ ਜਨਤਾ ਪਾਸੋਂ ਸੁਝਾਅ ਵੀ ਲਏ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਬਜ਼ੁਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਵੀ ਖਾਸ ਧਿਆਨ ਦਿੱਤਾ ਜਾਵੇਗਾ।