ਜੇਐੱਨਐੱਨ, ਜਲੰਧਰ : ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਸਿਫ਼ਰ ਕਾਲ 'ਚ ਦਿੱਲੀ ਦੇ ਤੁਗਲਕਾਬਾਦ ਵਿਚ ਢਾਹੇ ਗਏ ਗੁਰੂ ਰਵਿਦਾਸ ਦੇ ਪੁਰਾਤਨ ਮੰਦਰ ਦਾ ਮਾਮਲਾ ਚੁੱਕਿਆ। ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਸਿਕੰਦਰ ਲੋਧੀ ਦੀ ਸਲਤਨਤ ਦੇ ਸਮੇਂ ਗੁਰੂ ਰਵਿਦਾਸ ਮਹਾਰਾਜ ਦੇ ਇਸ ਜਗ੍ਹਾ 'ਤੇ ਆਉਣ ਦਾ ਵਿਸ਼ਵਾਸ ਮੰਨਿਆ ਜਾਂਦਾ ਹੈ। ਦਿੱਲੀ ਦੇ ਤੁਲਗਕਾਬਾਦ ਦੇ ਇਸ ਖੇਤਰ ਵਿਚ ਪੁਰਾਤਨ ਮੰਦਰ ਨੂੰ ਢਾਹੇ ਜਾਣ ਨਾਲ ਗੁਰੂ ਰਵਿਦਾਸ ਮਹਾਰਾਜ ਦੇ ਸ਼ਰਧਾਲੂਆਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਜਗ੍ਹਾ 'ਤੇ ਦੁਬਾਰਾ ਮੰਦਰ ਬਣਾ ਕੇ ਜਗ੍ਹਾ ਦੇਣ ਲਈ ਤਿਆਰ ਹੈ। ਸਰਕਾਰ ਨੇ 400 ਵਰਗ ਮੀਟਰ ਜਗ੍ਹਾ ਦਾ ਐਲਾਨ ਕੀਤਾ ਹੈ ਪਰ ਉਨ੍ਹਾਂ ਦੀ ਅਪੀਲ ਹੈ ਕਿ ਗੁਰੂ ਰਵਿਦਾਸ ਮਹਾਰਾਜ ਦੀ ਨਾਮ ਲੇਵਾ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੀ ਦੀ ਪੂਰੀ 12 ਹਜ਼ਾਰ ਵਰਗ ਗਜ ਜ਼ਮੀਨ ਮੰਦਰ ਬਣਾਉਣ ਲਈ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ 10 ਅਗਸਤ 2019 ਨੂੰ ਦਿੱਲੀ ਦੇ ਤੁਗਲਕਾਬਾਦ 'ਚ ਮੰਦਰ ਢਾਹੇ ਜਾਣ ਨਾਲ ਦੇਸ਼ ਵਿਚ ਨਾਰਾਜ਼ਗੀ ਸਾਹਮਣੇ ਆਈ ਸੀ। ਇਸ ਮਾਮਲੇ ਵਿਚ ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਅਤੇ ਸਾਬਕਾ ਮੰਤਰੀ ਪ੍ਰਦੀਪ ਜੈਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਦੁਬਾਰਾ ਮੰਦਰ ਨਿਰਮਾਣ ਦੇ ਆਦੇਸ਼ ਦਿੱਤੇ ਹਨ। ਕੇਂਦਰ ਸਰਕਾਰ ਨੇ ਇਸ ਦੇ ਲਈ 400 ਵਰਗ ਮੀਟਰ ਜਗ੍ਹਾ ਦੇਣ ਦਾ ਐਲਾਨ ਕੀਤਾ ਹੈ ਪਰ ਸੰਗਤ ਪੂਰੀ ਜ਼ਮੀਨ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਯੁੱਧਿਆ ਵਿਚ ਸ੍ਰੀ ਰਾਮ ਮੰਦਰ ਦੇ ਨਿਰਮਾਣ ਲਈ ਭਗਵਾਨ ਰਾਮ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾ ਰਹੀ ਹੈ, ਉਸੇ ਤਰ੍ਹਾਂ ਹੀ ਗੁਰੂ ਰਵਿਦਾਸ ਮਹਾਰਾਜ ਦੀ ਨਾਮਲੇਵਾ ਸੰਗਤ ਦੀਆਂ ਭਾਵਨਾਵਾਂ ਨੂੰ ਵੀ ਸਮਿਝਆ ਜਾਵੇ।