ਜੇਐੱਨਐੱਨ, ਜਲੰਧਰ : ਲੋਕ ਸਭਾ ਚੋਣਾਂ ਜਿੱਤੇ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੂੰ ਇਕ ਵੋਟ 15 ਰੁਪਏ 'ਚ ਪਈ। ਉਥੇ, ਦੂਜੇ ਨੰਬਰ 'ਤੇ ਰਹੇ ਅਕਾਲੀ-ਭਾਜਪਾ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ 13 ਰੁਪਏ ਖ਼ਰਚ ਹੋਏ। ਸਭ ਤੋਂ ਮਹਿੰਗਾ ਸੌਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਈ ਕੋਰਟ ਦੇ ਸਾਬਕਾ ਜੱਜ ਜੋਰਾ ਸਿੰਘ ਨੂੰ ਪਿਆ, ਜਿਨ੍ਹਾਂ ਦੇ ਇਕ ਵੋਟ ਪਿੱਛੇ 77 ਰੁਪਏ ਖਰਚ ਹੋਏ। ਇਹ ਦਿਲਚਸਪ ਅੰਕੜਾ ਨਿਕਲਿਆ ਹੈ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਤੇ ਉਨ੍ਹਾਂ ਦੇ ਚੋਣ ਖਰਚਿਆਂ 'ਚੋਂ। ਇਸ ਵਿਚੋਂ ਦੋ ਲੱਖ ਤੋਂ ਜ਼ਿਆਦਾ ਵੋਟਾਂ ਲੈਣ ਵਾਲੇ ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਇਕ ਵੋਟ ਪਿੱਛੇ 14 ਰੁਪਏ ਖਰਚ ਹੋਏ। ਹਾਲਾਂਕਿ ਚੋਣ ਪ੍ਰਚਾਰ ਦਾ ਆਖ਼ਰੀ ਖ਼ਰਚਾ ਆਉਣਾ ਬਾਕੀ ਹੈ ਪਰ ਪ੍ਰਚਾਰ ਬੰਦ ਹੋਣ ਨਾਲ ਇਕਦਮ ਪਹਿਲਾਂ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਚੋਣ ਦਾ ਇਹ ਅੰਕੜਾ ਜਾਰੀ ਕੀਤਾ ਹੈ।

ਕਿੰਝ ਕੀਤਾ ਹਿਸਾਬ ਕਿਤਾਬ

ਚੌਧਰੀ ਸੰਤੋਖ ਸਿੰਘ : ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਲਗਾਤਾਰ ਦੂਜੀ ਵਾਰ ਚੋਣ ਲੜੀ ਸੀ। ਉਨ੍ਹਾਂ ਨੇ ਪ੍ਰਚਾਰ 'ਚ 18 ਮਈ ਤਕ 57 ਲੱਖ ਖ਼ਰਚੇ ਸਨ। ਹਾਲਾਂਕਿ ਇਹ ਚੋਣ ਕਮਿਸ਼ਨ ਦਾ ਅੰਕੜਾ ਹੈ ਕਿਉਂਕਿ ਤੀਜੀ ਤੇ ਆਖ਼ਰੀ ਵਾਰ ਰਜਿਸਟਰ ਮਿਲਾਨ 'ਚ ਚੌਧਰੀ ਦਾ ਕੋਈ ਪ੍ਰਤੀਨਿਧ ਨਹੀਂ ਆਇਆ ਸੀ। ਚੌਧਰੀ ਦਾ ਚੋਣ ਖ਼ਰਚਾ ਹਾਲੇ ਵਧੇਗਾ ਕਿਉਂਕਿ ਉਨ੍ਹਾਂ ਦੀ ਜਿੱਤ ਦੇ ਜਸ਼ਨ ਦਾ ਖਰਚਾ ਵੀ ਕਮਿਸ਼ਨ ਗਿਣੇਗਾ। ਜੇਤੂ ਚੌਧਰੀ ਨੂੰ ਕੁਲ 3,85,712 ਵੋਟਾਂ ਪਈਆਂ ਸਨ। ਪ੍ਰਚਾਰ ਖ਼ਰਚੇ ਤੇ ਵੋਟ ਮਿਲਣ ਦਾ ਹਿਸਾਬ ਲਾਈਏ ਤਾਂ ਚੌਧਰੀ ਨੂੰ ਹਰੇਕ ਵੋਟ ਲਗਪਗ 15 ਰੁਪਏ 'ਚ ਪਈ।

ਚਰਨਜੀਤ ਸਿੰਘ ਅਟਵਾਲ : ਲੁਧਿਆਣੇ ਤੋਂ ਆ ਕੇ ਜਲੰਧਰ ਲੋਕ ਸਭਾ ਸੀਟ 'ਤੇ ਅਕਾਲੀ-ਭਾਜਪਾ ਗੱਠਜੋੜ ਦੀ ਟਿਕਟ 'ਤੇ ਚੋਣ ਲੜਨ ਵਾਲੇ ਚਰਨਜੀਤ ਸਿੰਘ ਅਟਵਾਲ ਨੇ ਆਪਣੇ ਪ੍ਰਚਾਰ 'ਚ 47 ਲੱਖ ਦਾ ਖਰਚਾ ਕੀਤਾ ਸੀ, ਜਦਕਿ ਉਨ੍ਹਾਂ ਨੂੰ 3,66,221 ਵੋਟਾਂ ਮਿਲੀਆਂ ਜਿਸ ਹਿਸਾਬ ਨਾਲ ਉਨ੍ਹਾਂ ਨੂੰ ਇਕ ਵੋਟ 13 ਰੁਪਏ 'ਚ ਪਈ। ਹਾਲਾਂਕਿ ਅਟਵਾਲ ਨੇ ਉਦੋਂ ਆਪਣਾ ਕੁਲ ਖ਼ਰਚਾ 23 ਲੱਖ ਹੀ ਦੱਸਿਆ ਸੀ ਪਰ ਸ਼ੈਡੋ ਰਜਿਸਟਰ ਨਾਲ ਮਿਲਾਨ ਤੋਂ ਬਾਅਦ ਉਹ 47 ਲੱਖ 'ਤੇ ਸਹਿਮਤ ਹੋ ਗਏ ਸਨ।

ਜਸਟਿਸ ਜੋਰਾ ਸਿੰਘ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਜੋਰਾ ਸਿੰਘ ਨੇ ਆਮ ਆਦਮੀ ਪਾਰਟੀ ਤੋਂ ਚੋਣ ਲੜ ਸੀ। ਚੋਣ ਪ੍ਰਚਾਰ 'ਚ ਜੋਰਾ ਸਿੰਘ ਨੇ 19.67 ਲੱਖ ਖਰਚੇ ਸਨ। ਚੋਣਾਂ 'ਚ ਸਿਰਫ 25,467 ਵੋਟਾਂ ਹੀ ਮਿਲੀਆਂ। ਇਸ ਲਿਹਾਜ ਉਨ੍ਹਾਂ ਨੂੰ ਇਕ ਵੋਟ 77 ਰੁਪਏ 'ਚ ਪਈ ਗਈ। ਜਸਟਿਸ ਜੋਰਾ ਸਿੰਘ ਪਿਛਲੀ ਵਾਰ ਦੀ ਉਮੀਦਵਾਰ ਜਯੋਤੀ ਮਾਨ ਨੂੰ ਪਈਆਂ ਦੋ ਲੱਖ ਤੋਂ ਜ਼ਿਆਦਾ ਵੋਟਾਂ ਤਕ ਵੀ ਨਹੀਂ ਪੁੱਜ ਸਕੇ।

ਬਲਵਿੰਦਰ ਕੁਮਾਰ : ਇਸ ਚੋਣ 'ਚ ਸਭ ਨੂੰ ਹੈਰਾਨ ਕਰਨ ਵਾਲੇ ਪੀਡੀਏ ਤੇ ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੇ ਚੋਣ ਪ੍ਰਚਾਰ 'ਚ 29.42 ਲੱਖ ਰੁਪਏ ਖਰਚੇ ਸਨ, ਉਨ੍ਹਾਂ 2,04,783 ਵੋਟਾਂ ਪਈਆਂ। ਇਸ ਲਿਹਾਜ ਉਨ੍ਹਾਂ ਨੂੰ ਇਕ ਵੋਟ ਲਈ ਪ੍ਰਚਾਰ 'ਚ 14 ਰੁਪਏ ਖਰਚੇ ਪਏ। ਬਲਵਿੰਦਰ ਨੂੰ ਏਨੀ ਵੱਡੀ ਗਿਣਤੀ 'ਚ ਵੋਟ ਪੈ ਜਾਣਗੀਆਂ, ਇਸ ਦੀ ਉਮੀਦ ਕਿਸੇ ਨੂੰ ਨਹੀਂ ਸੀ ਪਰ ਉਨ੍ਹਾਂ ਨੇ ਜਲੰਧਰ ਸੀਟ 'ਤੇ ਬਸਪਾ ਦਾ ਨਵਾਂ ਆਧਾਰ ਖੜ੍ਹਾ ਕਰ ਦਿੱਤਾ।