ਮਦਨ ਭਾਰਦਵਾਜ, ਜਲੰਧਰ : ਸੰਡੇ ਬਾਜ਼ਾਰ ਦੌਰਾਨ ਫੜ੍ਹੀਆਂ ਲਾਉਣ ਦੀ ਮੁਹਿੰਮ ਭਾਵੇਂ ਬੀਤੇ ਐਤਵਾਰ ਨੂੰੂ ਪੁਲਿਸ ਵੱਲੋਂ ਫੇਲ੍ਹ ਕਰਵਾ ਦਿੱਤੀ ਗਈ ਪਰ ਇਸ ਦੇ ਬਾਵਜੂਦ ਨਿਗਮ ਪ੍ਰਸ਼ਾਸਨ ਆਪਣੇ ਫੈਸਲੇ 'ਤੇ ਕਾਇਮ ਹੈ। ਦੂਜੇ ਪਾਸੇ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਫੜ੍ਹੀ ਵਾਲਿਆਂ ਦੀ ਸਮੱਸਿਆ ਨੂੰ ਲੈ ਕੇ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੂੰ ਮਿਲੇ ਤੇ ਉਨ੍ਹਾਂ ਨੂੰ ਫੜ੍ਹੀ ਵਾਲਿਆਂ ਨੂੰ ਸੰਡੇ ਬਜ਼ਾਰ ਦੌਰਾਨ ਫੜ੍ਹੀਆਂ ਲਾਉਣ ਦੀ ਸਹੂਲਤ ਬਹਾਲ ਰੱਖਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਗਰੀਬ ਫੜ੍ਹੀ ਵਾਲੇ ਸੰਡੇ ਬਾਜ਼ਾਰ ਦੌਰਾਨ ਸਾਮਾਨ ਵੇਚ ਕੇ ਆਪਣੇ ਬੱਚਿਆਂ ਦਾ ਪੇਟ ਪਾਲਦੇ ਹਨ ਤੇ ਇਨ੍ਹਾਂ ਗਰੀਬਾਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ। ਇਸ ਦੌਰਾਨ ਨਿਗਮ ਕਮਿਸ਼ਨਰ ਨਾਲ ਵਧੀਕ ਕਮਿਸ਼ਨਰ ਬਬੀਤਾ ਕਲੇਰ ਤੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਵੀ ਮੌਜੂਦ ਸਨ। ਗਰੇਵਾਲ ਨੇ ਕਿਹਾ ਕਿ ਫੜ੍ਹੀਆਂ ਵਾਲੇ ਕੋਈ ਨਾਜਾਇਜ਼ ਕੰਮ ਤਾਂ ਕਰਦੇ ਨਹੀਂ ਤੇ ਜੇ ਉਨ੍ਹਾਂ ਕੋਲੋਂ ਰੋਟੀ ਦਾ ਜੁਗਾੜ ਵੀ ਖੋਹ ਲਿਆ ਤਾਂ ਫਿਰ ਉਹ ਜ਼ਰੂਰ ਨਾਜਾਇਜ਼ ਕੰਮ ਕਰਨ ਲਈ ਮਜਬੂਰ ਹੋਣਗੇ। ਇਸ 'ਤੇ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ਕਿਹਾ ਕਿ ਮਾਮਲਾ ਹਾਈ ਕੋਰਟ ਦੇ ਹੁਕਮਾਂ ਦਾ ਹੈ ਤੇ ਉਹ ਸਬੰਧੀ ਵਿਚਾਰ ਕਰਨਗੇ ਪਰ ਅਜੇ ਕੁਝ ਨਹੀਂ ਕਹਿ ਸਕਦੇ।