ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੀ ਹੈਲਥ ਬਰਾਂਚ ਨੇ ਡੇਂਗੂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਾਰਡ ਨੰਬਰ 65 ਦੀ ਆਬਾਦੀ ਗਾਂਧੀ ਕੈਂਪ 'ਚ ਲਾਰਵੇ ਦੀ ਚੈਕਿੰਗ ਕੀਤੀ। 47 ਘਰਾਂ ਦੀ ਕੀਤੀ ਗਈ ਜਾਂਚ ਦੌਰਾਨ 4 ਘਰਾਂ ਦੇ ਕੂਲਰਾਂ 'ਚ ਡੇਂਗੂ ਦਾ ਲਾਰਵਾ ਮਿਲਣ ਕਾਰਨ ਉਨ੍ਹਾਂ ਦੇ ਚਲਾਨ ਕੀਤੇ ਗਏ। ਹੈਲਥ ਇੰਸਪੈਕਟਰ ਅਸ਼ੋਕ ਭੀਲ ਦੀ ਅਗਵਾਈ 'ਚ ਗਈ ਟੀਮ ਨੇ ਇਸ ਤੋਂ ਇਲਾਵਾ ਸਕੂਲਾਂ 'ਚ ਜਾ ਕੇ ਵੀ ਵਿਦਿਆਰਥੀਆਂ ਨੂੰ ਲਾਰਵੇ ਪ੍ਰਤੀ ਕੌਂਸਿਲੰਗ ਕੀਤੀ ਤੇ ਉਨ੍ਹਾਂ ਨੂੰ ਆਪਣੇ ਘਰਾਂ ਦੇ ਕੂਲਰਾਂ 'ਚੋਂ ਪਾਣੀ ਕੱਢਣ ਅਤੇ ਛੱਤਾਂ ਜਾਂ ਘਰ ਅੰਦਰ ਪਏ ਕਬਾੜ ਨੂੰ ਬਾਹਰ ਕੱਢਣ ਦੀ ਸਲਾਹ ਦਿੱਤੀ। ਹੈਲਥ ਟੀਮ ਨੇ ਸਾਂਈਦਾਸ ਸੀਨੀਅਰ ਸੈਕੰਡਰੀ ਸਕੂਲ ਬਸਤੀ ਨੌ ਦੇ ਵਿਦਿਆਰਥੀਆਂ ਨੂੰ ਡੇਂਗੂ ਪ੍ਰਤੀ ਜਾਗਰੂਕ ਕੀਤਾ ਅਤੇ ਬਚਾਅ ਕਰਨ ਲਈ ਜਾਣਕਾਰੀ ਦਿੱਤੀ।