ਪੰਜਾਬੀ ਜਾਗਰਣ ਟੀਮ, ਸ਼ਾਹਕੋਟ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਨੇ ਕੇਂਦਰ ਸਰਕਾਰ ਵੱਲੋਂ ਸੱਚ ਨੂੰ ਦਬਾਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਭਾਵੇ ਉਹ ਸਿੱਧੂ ਮੂਸੇਵਾਲੇ ਦੇ ਗੀਤ ਐੱਸਵਾਈਐੱਲ 'ਤੇ ਲਾਈ ਪਾਬੰਦੀ ਹੋਵੇ ਚਾਹੇ ਜਰਨਲਿਸਟ ਤੇ ਸੋਸ਼ਲ ਐਕਟੀਵਿਸਟ ਤੀਸਤਾ ਸੀਤਲਵਾੜ ਦੀ ਗੁਜਰਾਤ 'ਚ ਗਿ੍ਫ਼ਤਾਰੀ ਹੋਵੇ ਕੇਂਦਰ ਸਰਕਾਰ ਕਲਮ ਦੀ ਮਾਰ ਤੋਂ ਬਚਣ ਲਈ ਸੱਚ ਦੇ ਬੋਲਾਂ 'ਤੇ ਪਾਬੰਦੀ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਪਹਿਲਾਂ ਵੀ ਬੁੱਧੀਜੀਵੀਆਂ ਨੂੰ ਗਿ੍ਫ਼ਤਾਰ ਕਰ ਕੇ ਜੇਲ੍ਹਾਂ ਵਿੱਚ ਡੱਕਦੀ ਆ ਰਹੀ ਹੈ ਤੇ ਆਪਣੇ ਘਟੀਆ ਮਨਸੂਬਿਆਂ 'ਤੇ ਚੱਲਦੇ ਹੋਏ ਸਰਕਾਰ ਨੇ ਇੱਕ ਕਦਮ ਹੋਰ ਅੱਗੇ ਵਧਾ ਕੇ ਜਰਨਲਿਸਟ ਅਤੇ ਸੋਸ਼ਲ ਐਕਟੀਵਿਸਟ ਤੀਸਤਾ ਸੀਤਲਵਾੜ ਨੂੰ ਗਿ੍ਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ ਨੂੰ ਮੂਕ ਦਰਸ਼ਕ ਬਣ ਕੇ ਵੇਖਣ ਦੀ ਬਜਾਏ ਇਨ੍ਹਾਂ ਮਸਲਿਆਂ 'ਤੇ ਪ੍ਰਤਿਕਿਰਿਆ ਦੇਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਲਿਆਂਦੇ ਬਜਟ 'ਤੇ ਪ੍ਰਤਿਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਦੁਆਰਾ ਇਸ ਬਜਟ ਵਿੱਚ ਵਾਤਾਵਰਨ ਦੀ ਸਾਂਭ ਸੰਭਾਲ਼ ਵਾਸਤੇ ਕੁਝ ਵੀ ਨਹੀਂ ਰੱਖਿਆ ਗਿਆ ਤੇ ਨਾ ਹੀ ਦਿਨੋਂ-ਦਿਨ ਦੂਸ਼ਿਤ ਹੁੰਦੇ ਜਾ ਰਹੇ ਪਾਣੀ ਤੇ ਫ਼ੈਕਟਰੀਆਂ ਦੁਆਰਾ ਤੇ ਸ਼ਹਿਰੀ ਸੀਵਰੇਜ ਦੁਆਰਾ ਦੂਸ਼ਿਤ ਕੀਤੇ ਜਾ ਰਹੇ ਪਾਣੀ ਨੂੰ ਟਰੀਟ ਕਰਕੇ ਖੇਤੀ ਵਾਸਤੇ ਦੇਣ ਲਈ ਕੋਈ ਬਜਟ ਰੱਖਿਆ ਹੈ ਜੋ ਕਿ ਸਮੇ ਦੀ ਜ਼ਰੂਰਤ ਹੈ ਇਸ ਤੋਂ ਇਲਾਵਾ ਦੁਆਬਾ ਬੈਲਟ ਨਹਿਰੀ ਪਾਣੀ ਤੋਂ ਬਿਲਕੁਲ ਸੱਖਣੀ ਹੈ ਅਤੇ ਉਨ੍ਹਾਂ ਨੂੰ ਮਜਬੂਰੀਵੱਸ ਧਰਤੀ ਹੇਠਲਾ ਪਾਣੀ ਝੋਨੇ ਵਾਸਤੇ ਵਰਤਣਾ ਪੈ ਰਿਹਾ ਹੈ ਇਸ ਕਰ ਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੁਆਬਾ ਨਹਿਰ ਦੇ ਏਰੀਏ ਵਿੱਚ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਜੱਥੇਬੰਦੀ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ ਤੇ ਐੱਸਵਾਈਐੱਲ ਗੀਤ ਤੇ ਜਰਨਲਿਸਟ ਤੀਸਤਾ ਸੀਤਲਵਾੜ ਦੀ ਹਮਾਇਤ ਕਰਦੀ ਹੈ ਜੇ ਸਰਕਾਰ ਪਾਬੰਦੀ ਨਹੀਂ ਹਟਾਉਂਦੀ ਤੇ ਜਰਨਲਿਸਟ ਤੀਸਤਾ ਸੀਤਲਵਾੜ ਨੂੰ ਰਿਹਾਅ ਨਹੀਂ ਕਰਦੀ ਤਾਂ ਜੱਥੇਬੰਦੀ ਕੋਰ ਕਮੇਟੀ ਦੀ ਮੀਟਿੰਗ ਸੱਦ ਕੇ ਅਗਲੀ ਰਣਨੀਤੀ ਉਲੀਕੇਗੀ।