ਸੁਕ੍ਰਾਂਤ, ਜਲੰਧਰ

ਸਕੂਲੀ ਬੱਸਾਂ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਇਹ ਦੇਖਦਾ ਰਹਿੰਦਾ ਹੈ ਕਿ ਹਾਦਸੇ ਦੇ ਪਿੱਛੇ ਲਾਪਰਵਾਹੀ ਕਿਸ ਦੀ ਹੈ। ਹੁਣ ਸਕੂਲੀ ਬੱਸਾਂ ਦੇ ਚਾਲਕ ਦੇ ਨਾਲ-ਨਾਲ ਸਕੂਲਾਂ ਦੇ ਪ੍ਰਬੰਧਕਾਂ ਨੂੰ ਵੀ ਸਾਵਧਾਨ ਰਹਿਣਾ ਜ਼ਰੂਰੀ ਹੋਵੇਗਾ ਕਿਉਂਕਿ ਹੁਣ ਕਿਸੇ ਵੀ ਹਾਦਸੇ ਵਿਚ ਕਿਸੇ ਦੀ ਵੀ ਲਾਪਰਵਾਹੀ ਹੋਵੇ, ਉਸ ਦੀ ਗਵਾਹੀ ਬੱਸ ਵਿਚ ਲੱਜਣ ਜਾ ਰਹੀ ਤੀਸਰੀ ਅੱਖ ਦੇਵੇਗੀ। ਕੁਝ ਦਿਨ ਪਹਿਲਾਂ ਹੀ ਮਾਡਲ ਟਾਊਨ 'ਚ ਸਕੂਲੀ ਬੱਸ ਦੀ ਉਡੀਕ ਵਿਚ ਖੜ੍ਹੇ ਬੱਚੇ ਦੇ ਅਗਵਾ ਦਾ ਯਤਨ ਹੋਇਆ ਸੀ। ਬੱਸ ਦੇ ਮੌਕੇ 'ਤੇ ਪਹੁੰਚ ਜਾਣ ਕਾਰਨ ਅਗਵਾ ਕਰਨ ਵਾਲੇ ਕੁਝ ਨਹੀਂ ਕਰ ਸਕੇ ਪਰ ਉਨ੍ਹਾਂ ਦੀ ਪਛਾਣ ਵੀ ਨਹੀਂ ਹੋ ਸਕੀ। ਅਜਿਹੇ ਹਾਲਾਤ ਵਿਚ ਜੇਕਰ ਬੱਸ ਦੇ ਬਾਹਰ ਸੀਸੀਟੀਵੀ ਕੈਮਰਾ ਲੱਗਾ ਹੁੰਦਾ ਤਾਂ ਸ਼ਾਇਦ ਅਗਵਾ ਕਰਨ ਦਾ ਯਤਨ ਕਰਨ ਵਾਲਿਆਂ ਦੇ ਚਿਹਰੇ ਵੀ ਨਜ਼ਰ ਆ ਜਾਂਦੇ। ਅਜਿਹੇ ਹਾਲਾਤ 'ਚ ਟ੍ਰੈਫਿਕ ਪੁਲਿਸ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਹਰ ਸਕੂਲੀ ਬੱਸ ਵਿਚ ਸੀਸੀਟੀਵੀ ਕੈਮਰਾ ਲਗਾਏ ਜਾਣ ਨੂੰ ਜ਼ਰੂਰੀ ਕਰਨ ਜਾ ਰਹੀ ਹੈ। ਜਲਦ ਹੀ ਟ੍ਰੈਫਿਕ ਪੁਲਿਸ ਇਸ ਯੋਜਨਾ ਨੂੰ ਅਮਲ ਵਿਚ ਲਿਆਉਣ ਲਈ ਸਾਰੇ ਸਕੂਲਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਨ ਜਾ ਰਹੀ ਹੈ ਅਤੇ ਇਹ ਵੀ ਯਕੀਨੀ ਕੀਤਾ ਜਾਵੇਗਾ ਕਿ ਇਸ ਸਭ ਦਾ ਖਰਚਾ ਵੀ ਸਕੂਲ ਕਾਲਜ ਪ੍ਰਬੰਧਕ ਹੀ ਝੱਲਣ।

ਦੱਸਿਆ ਜਾ ਰਿਹਾ ਹੈ ਕਿ ਇਸ ਦੇ ਲਈ ਲਗਪਗ 20 ਲੱਖ ਰੁਪਏ ਤਕ ਦਾ ਖਰਚਾ ਆ ਸਕਦਾ ਹੈ। ਜਲਦ ਹੀ ਇਸ ਦੇ ਲਈ ਜੀਓ ਰੈਂਕ ਦਾ ਅਫਸਰ ਇਲਾਕੇ ਦੇ ਥਾਣੇ ਦੇ ਇੰਚਾਰਜ ਨੂੰ ਲੈ ਕੇ ਸਕੂਲਾਂ ਵਿਚ ਜਾ ਕੇ ਜਾਂ ਸਕੂਲਾਂ ਦੇ ਪ੍ਰਬੰਧਕਾਂ ਨੂੰ ਬੁਲਾ ਕੇ ਬੈਠਕ ਕਰਨਗੇ ਅਤੇ ਉਨ੍ਹਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਸੀਸੀਟੀਵੀ ਕੈਮਰਾ ਲਗਾਉਣ ਲਈ ਕਹਿਣਗੇ। ਜਲੰਧਰ 'ਚ ਹਾਲੇ ਤਕ ਸੀਬੀਐੱਸਈ, ਆਈਸੀਐੱਸਈ, ਪੀਐੱਸਈਬੀ ਦੇ ਲਗਪਗ ਪੰਜ ਸੌ ਸਕੂਲ ਹਨ ਅਤੇ ਲਗਪਗ ਸੱਤ ਸੌ ਸਕੂਲੀ ਬੱਸਾਂ ਸ਼ਹਿਰ ਦੀਆਂ ਸੜਕਾਂ 'ਤੇ ਦੌੜਦੀਆਂ ਹਨ। ਲਗਪਗ ਸੌ ਬੱਸਾਂ ਵਿਚ ਹੀ ਸੀਸੀਟੀਵੀ ਕੈਮਰੇ ਲੱਗੇ ਹੋਣਗੇ ਅਤੇ ਬਾਕੀ ਕਿਸੇ ਬੱਸ ਵਿਚ ਕੈਮਰਾ ਨਹੀਂ ਹੈ। ਪੁਲਿਸ ਵਿਭਾਗ ਦੀ ਮੰਨੀਏ ਤਾਂ ਅਗਲੇ ਹਫਤੇ ਤੋਂ ਹੀ ਸਕੂਲਾਂ ਕਾਲਜਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਦਾ ਦੌਰ ਸ਼ੁਰੂ ਹੋ ਜਾਵੇਗਾ।

ਜੀਪੀਐੱਸ ਸਿਸਟਮ ਨਾਲ ਜੁੜਨਗੇ ਕੈਮਰੇ, ਪੁਲਸ ਰੱਖੇਗੀ ਪਲ-ਪਲ ਦੀ ਨਜ਼ਰ

ਸਕੂਲੀ ਬੱਸਾਂ ਵਿਚ ਲੱਗਣ ਵਾਲੇ ਸੀਸੀਟੀਵੀ ਕੈਮਰੇ ਜੀਪੀਐੱਸ ਸਿਸਟਮ ਨਾਲ ਜੁੜੇ ਹੋਣਗੇ। ਜੀਪੀਐੱਸ ਸਿਸਟਮ ਜ਼ਰੀਏ ਜਿੱਥੇ ਸਕੂਲ ਪ੍ਰਬੰਧਕ ਵੀ ਬੱਸ ਦੀ ਨਿਗਰਾਨੀ ਰੱਖ ਸਕਣਗੇ, ਉਥੇ ਪੁਲਿਸ ਪ੍ਰਸ਼ਾਸਨ ਵੀ ਪਲ-ਪਲ ਦੀ ਖਬਰ ਰੱਖੇਗਾ। ਅਜਿਹੇ ਹਾਲਾਤ ਵਿਚ ਛੋਟੀ ਜਿਹੀ ਲਾਪਰਵਾਹੀ ਵੀ ਪਕੜ ਵਿਚ ਆ ਜਾਵੇਗੀ। ਇਸ ਤਹਿਤ ਪੁਲਿਸ ਨੂੰ ਵੀ ਆਪਣੀ ਕਾਰਵਾਈ ਕਰਨ ਵਿਚ ਆਸਾਨੀ ਹੋਵੇਗੀ।

ਆਟੋ ਵਾਲਿਆਂ ਖ਼ਿਲਾਫ਼ ਵੀ ਸ਼ੁਰੂ ਹੋ ਜਾ ਰਹੀ ਮੁਹਿੰਮ

ਸ਼ਹਿਰ ਵਿਚ ਬੱਸਾਂ ਦੇ ਨਾਲ-ਨਾਲ ਟ੍ਰੈਫਿਕ ਪੁਲਿਸ ਆਟੋ ਵਾਲਿਆਂ ਖ਼ਿਲਾਫ਼ ਵੀ ਮੋਰਚਾ ਖੋਲ੍ਹਣ ਜਾ ਰਹੀ ਹੈ। ਕੁਝ ਦਿਨ ਪਹਿਲਾਂ ਚੱਲਦੇ ਆਟੋ ਵਿਚੋਂ ਬੱਚੀ ਡਿੱਗ ਗਈ ਸੀ ਅਤੇ ਕਾਰ ਦੀ ਲਪੇਟ ਵਿਚ ਆਉਣ ਕਾਰਨ ਉਸ ਦੀ ਮੌਤ ਹੋ ਗਈ ਸੀ। ਜੋ ਆਟੋ ਚਾਲਕ ਸਕੂਲੀ ਬੱਚਿਆਂ ਨੂੰ ਲਿਆਉਣ ਲਿਜਾਣ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਪੰਜ ਬੱਚਿਆਂ ਤੋਂ ਵੱਧ ਬਿਠਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਆਟੋ ਦੇ ਦੋਵੇਂ ਪਾਸੇ ਛੋਟਾ ਦਰਵਾਜ਼ਾ ਲਗਾਉਣਾ ਵੀ ਜ਼ਰੂਰੀ ਹੋਵੇਗਾ ਅਤੇ ਬੱਚੇ ਬਾਹਰ ਲਟਕਦੇ ਨਹੀਂ ਦਿਸਣੇ ਚਾਹੀਦੇ। ਅਜਿਹਾ ਕਰਨ ਵਾਲੇ ਆਟੋ ਚਾਲਕਾਂ ਨੂੰ ਜੁਰਮਾਨੇ ਦੇ ਰੂਪ ਵਿਚ ਵੱਡੀ ਰਕਮ ਅਦਾ ਕਰਨੀ ਪੈ ਸਕਦੀ ਹੈ।

ਸੀਬੀਐੱਸਈ ਐਫਲੀਏਟਿਡ ਸਕੂਲ ਆਫ ਐਸੋਸੀਏਸ਼ਨ (ਕਾਸਾ) ਦੇ ਚੇਅਰਮੈਨ ਅਨਿਲ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲਾਂ ਸਮੇਤ ਹੋਰਨਾਂ ਕਈ ਸਕੂਲਾਂ ਦੀਆਂ ਬੱਸਾਂ ਵਿਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਨਿਯਮ ਹੈ ਕਿ 52 ਸੀਟਾਂ ਵਾਲੀ ਬੱਸ ਵਿਚ ਦੋ ਕੈਮਰੇ ਅਤੇ 22 ਤੋਂ 25 ਸੀਟਰ ਬੱਸ ਵਿਚ ਇਕ ਕੈਮਰਾ ਲੱਗਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸਕੂਲ ਪ੍ਰਬੰਧਕਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਪੁਲਿਸ ਦਾ ਸਹਿਯੋਗ ਕਰਨ ਅਤੇ ਆਪਣੀਆਂ ਬੱਸਾਂ ਵਿਚ ਸੀਸੀਟੀਵੀ ਕੈਮਰੇ ਲਗਵਾਉਣ।

ਕੋਟਸ

ਜਲਦ ਹੀ ਸਾਰੇ ਸਕੂਲਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਜਾਵੇਗੀ। ਇਸ ਦੇ ਲਈ ਏਡੀਸੀਪੀ ਅਤੇ ਏਸੀਪੀ ਅਹਿਮ ਭੂਮਿਕਾ ਨਿਭਾਉਣਗੇ। ਇਸ ਤੋਂ ਬਾਅਦ ਵੀ ਜੇਕਰ ਕੋਈ ਲਾਪਰਵਾਹੀ ਪਾਈ ਗਈ, ਭਾਵੇਂ ਉਹ ਬੱਸ ਚਾਲਕ ਦੀ ਹੋਵੇ, ਆਟੋ ਚਾਲਕ ਦੀ ਹੋਵੇ ਜਾਂ ਕਿਸੇ ਹੋਰ ਦੀ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

- ਨਰੇਸ਼ ਡੋਗਰਾ,

ਡੀਸੀਪੀ ਟ੍ਰੈਫਿਕ।