ਜਤਿੰਦਰ ਪੰਮੀ, ਜਲੰਧਰ: ਪਾਵਰਕਾਮ ਨੇ ਪੈਟਰੋਲ ਪੰਪ 'ਤੇ ਬਿਜਲੀ ਚੋਰੀ ਕਰਨ ਦਾ ਮਾਮਲਾ ਬੇਪਰਦ ਕਰਦਿਆਂ ਖ਼ਪਤਕਾਰ ਨੂੰ 7 ਲੱਖ ਰੁਪਏ ਜੁਰਮਾਨਾ ਕੀਤਾ ਹੈ। ਇਸ ਦੇ ਨਾਲ ਪੈਟਰੋਲ ਪੰਪ ਮਾਲਕ ਖ਼ਿਲਾਫ਼ ਬਿਜਲੀ ਐਕਟ ਤਹਿਤ ਕਾਰਵਾਈ ਕਰਦਿਆਂ ਕੇਸ ਦਰਜ ਕਰਵਾਇਆ ਹੈ ਤੇ ਬਿਜਲੀ ਦਾ ਕੁਨੈਕਸ਼ਨ ਵੀ ਕੱਟ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਵਰਕਾਮ ਨਾਰਥ ਜ਼ੋਨ ਦੇ ਚੀਫ ਇੰਜੀਨੀਅਰ ਜੈਨੇਂਦਰ ਦਾਨੀਆਂ ਨੇ ਦੱਸਿਆ ਕਿ ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ/ਇਨਫੋਰਸਮੈਂਟ ਰਜਿਤ ਸ਼ਰਮਾ ਦੀ ਅਗਵਾਈ 'ਚ ਬਿਜਲੀ ਚੋਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐੱਮਈ ਲੈਬ ਹੁਸ਼ਿਆਰਪੁਰ ਵਿਖੇ ਸਹਾਇਕ ਇੰਜੀਨੀਅਰ ਇਨਫੋਰਸਮੈਂਟ-2 ਜਲੰਧਰ ਧਰਮਿੰਦਰ ਕੁਮਾਰ ਤੇ ਸਹਾਇਕ ਇੰਜੀਨੀਅਰ ਐੱਮਈ ਉਪ ਮੰਡਲ ਹੁਸ਼ਿਆਰਪੁਰ ਇੰਜੀ. ਸਤਨਾਮ ਸਿੰਘ ਵੱਲੋਂ ਸਾਂਝੇ ਤੌਰ 'ਤੇ ਮੀਟਰਾਂ ਦੀ ਜਾਂਚ ਕੀਤੀ ਜਾ ਰਹੀ ਸੀ।

ਇਸ ਦੌਰਾਨ ਉਪਰ ਮੰਡਲ ਦਫ਼ਤਰ ਸੈਲਾ ਖੁਰਦ ਦੇ ਇੰਡੀਅਨ ਆਇਲ ਦੇ ਪੈਟਰੋਲ ਪੰਪ (ਸ਼ਵੇਤਾ ਫਿਲਿੰਗ ਸਟੇਸ਼ਨ) ਦਾ ਉਤਾਰਿਆ ਗਿਆ ਮੀਟਰ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਮੀਟਰ ਦੀਆਂ ਸੀਲਾਂ ਟੈਂਪਰ ਕਰ ਕੇ ਤੇ ਕਾਊਂਟਰ ਨਾਲ ਛੇੜਛਾੜ ਕਰ ਕੇ ਮੀਟਰ ਦੇ ਕਾਊਂਟਰ 'ਤੇ ਰਿਕਾਰਡ ਹੋਣ ਵਾਲੀ ਅਸਲ ਖਪਤ ਨੂੰ ਪੱਕੇ ਤੌਰ 'ਤੇ ਘਟਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਪੈਟਰੋਲ ਪੰਪ ਦਾ ਸੰਕਸ਼ਨ ਲੋਡ 14 ਕਿਲੋਵਾਟ ਸੀ ਜਦੋਂਕਿ ਲੋਡ ਮੁਤਾਬਕ ਮੀਟਰ ਦੀ ਖਪਤ ਨਾਮਾਤਰ ਆ ਰਹੀ ਸੀ। ਇਨਫੋਰਸਮੈਂਟ ਟੀਮ ਨੇ ਖਪਤਕਾਰ ਨੂੰ ਬਿਜਲੀ ਚੋਰੀ ਕਰਨ ਦੇ ਦੋਸ਼ 'ਚ 7 ਲੱਖ ਰੁਪਏ ਜੁਰਮਾਨਾ ਪਾਇਆ ਤੇ ਬਿਜਲੀ ਐਕਟ ਦੀ ਧਾਰਾ 135 ਤਹਿਤ ਕਾਰਵਾਈ ਕਰਦਿਆਂ ਐਂਟੀ ਥੈਫਟ ਪੁਲਿਸ ਸਟੇਸ਼ਨ ਵਿਖੇ ਕੇਸ ਦਰਜ ਕਰਵਾ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਵਿਭਾਗ ਨੇ ਖ਼ਪਤਕਾਰ ਦਾ ਕੁਨੈਕਸ਼ਨ ਵੀ ਕੱਟ ਦਿੱਤਾ ਹੈ। ਡਿਪਟੀ ਚੀਫ ਇੰਜੀਨੀਅਰ ਇਨਫੋਰਸਮੈਂਟ ਰਜਿਤ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਬਿਜਲੀ ਚੋਰੀ ਕਰਨ ਵਾਲੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਮੁਤਾਬਕ ਸਖ਼ਤ ਸਜ਼ਾ ਦਿਵਾਈ ਜਾਵੇਗੀ।