ਅਮਰਜੀਤ ਸਿੰਘ ਲਵਲਾ, ਜਲੰਧਰ

ਪੁਲਿਸ ਨੇ ਪੰਜਾਬ ਮੀਡੀਅਮ ਇੰਡਸਟਰੀ ਬੋਰਡ ਦੇ ਡਾਇਰੈਕਟਰ ਮਲਵਿੰਦਰ ਸਿੰਘ ਲੱਕੀ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ। ਇਹ ਐੱਫਆਈਆਰ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਅਤੇ ਕੰਮ ਵਿਚ ਰੁਕਾਵਟ ਪਾਉਣ ਲਈ ਸਰਕਾਰੀ ਦਫ਼ਤਰਾਂ ਵਿਚ ਦਾਖ਼ਲ ਹੋਣ ਲਈ ਦਰਜ ਕੀਤੀਆਂ ਗਈਆਂ ਹਨ। ਇਸ ਦੀ ਪੁਸ਼ਟੀ ਡੀਸੀਪੀ ਗੁਰਮੀਤ ਸਿੰਘ ਨੇ ਕੀਤੀ ਹੈ। ਉਨ੍ਹਾਂ ਦੇ ਆਦੇਸ਼ ਤੋਂ ਬਾਅਦ ਥਾਣਾ -3 ਵਿਚ ਐੱਫਆਈਆਰ ਦਰਜ ਕੀਤੀ ਗਈ ਹੈ। ਐੱਫਆਈਆਰ ਦਰਜ ਕਰਨ ਤੋਂ ਬਾਅਦ ਮਲਵਿੰਦਰ ਲੱਕੀ ਫਰਾਰ ਦੱਸਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਜਲੰਧਰ ਨਗਰ ਨਿਗਮ ਦੇ ਦਫ਼ਤਰ ਵਿਚ ਕਾਂਗਰਸੀ ਆਗੂ ਮਲਵਿੰਦਰ ਸਿੰਘ ਲੱਕੀ ਖ਼ਿਲਾਫ਼ ਥਾਣਾ ਨੰਬਰ 3 ਵਿਚ ਐੱਮਟੀਪੀ ਪਰਮਪਾਲ ਸਿੰਘ ਨਾਲ ਬਦਸਲੂਕੀ ਤੇ ਸਰਕਾਰੀ ਕੰਮ ਵਿਚ ਅੜਿੱਕਾ ਪਾਉਣ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਂਗਰਸੀ ਆਗੂ ਮਾਲਵਿੰਦਰ ਸਿੰਘ ਲੱਕੀ ਨੇ ਵੀ ਐੱਮਟੀਪੀ ਪਰਮਪਾਲ ਸਿੰਘ ਤੋਂ ਵ੍ਹਟਸਐਪ ਤੇ ਸੁਨੇਹਾ ਭੇਜ ਕੇ ਮਾਫ਼ੀ ਮੰਗੀ ਸੀ ਪਰ ਯੂਨੀਅਨ ਨੇਤਾਵਾਂ ਨੇ ਨਿਗਮ ਦਫ਼ਤਰ ਦੀ ਕਾਰਜ ਪ੍ਰਣਾਲੀ ਨੂੰ ਠੱਪ ਕਰ ਦਿੱਤਾ ਅਤੇ ਲੱਕੀ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ ਗਿ੍ਫ਼ਤਾਰੀ ਦੀ ਮੰਗ ਕੀਤੀ।