ਸੁਨੀਲ ਕੁਕਰੇਤੀ, ਜਲੰਧਰ ਛਾਉਣੀ :

ਜਿੱਥੇ ਸਾਰਾ ਦੇਸ਼ ਤੇ ਸੂਬਾ ਕੋਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ ਤੇ ਸਰਕਾਰ ਵੱਲੋਂ ਲਾਕਡਾਊਨ ਨਾਲ ਜੁੜੇ ਨਿਯਮ ਲਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਕੁਝ ਪ੍ਰਰਾਈਵੇਟ ਬੱਸਾਂ ਵਾਲੇ ਵੱਧ ਪੈਸਾ ਕਮਾਉਣ ਦੇ ਚੱਕਰ 'ਚ ਵੱਧ ਸਵਾਰੀਆਂ ਬਿਠਾ ਕੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਦੇ ਹੋਏ ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ ਕਰ ਰਹੇ ਹਨ।

ਬੀਤੇ ਬੁੱਧਵਾਰ ਰਾਤ ਸੀਟੀ ਲੈਂਡ ਟੇ੍ਵਲਸ, ਦਿੱਲੀ ਦੀ ਪ੍ਰਰਾਈਵੇਟ ਬੱਸ ਨੂੰ ਭੂਰ ਮੰਡੀ ਕੋਲ ਜ਼ਿਆਦਾ ਸਵਾਰੀਆਂ ਹੋਣ ਦੇ ਸ਼ੱਕ 'ਚ ਚੈਕਿੰਗ ਲਈ ਰੋਕਿਆ ਗਿਆ। ਇਸ ਦੌਰਾਨ ਬੱਸ 'ਚ 130 ਪਰਵਾਸੀ ਮਜ਼ਦੂਰ ਸਵਾਰੀਆਂ ਬੈਠੀਆਂ ਸਨ ਜਦਕਿ ਕੋਰੋਨਾ ਦੇ ਚਲਦਿਆਂ ਪ੍ਰਸ਼ਾਸਨ ਵੱਲੋਂ ਸਿਰਫ਼ 25 ਸਵਾਰੀਆਂ ਬਿਠਾਉਣ ਦੀ ਇਜਾਜ਼ਤ ਸੀ। ਬੱਸ ਨੂੰ ਰਾਮਾ ਮੰਡੀ ਚੌਕ ਲਿਆ ਕੇ ਸਾਰੀਆਂ ਸਵਾਰੀਆਂ ਨੂੰ ਉਤਾਰ ਕੇ ਥਾਣਾ ਕੈਂਟ ਦੀ ਪੁਲਿਸ ਵੱਲੋਂ ਕੋਰੋਨਾ ਨਿਯਮਾਂ ਨੂੰ ਤੋੜਨ ਤੇ ਬੱਸ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਗਿਆ। ਇਸ ਦੌਰਾਨ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਬੱਸ ਮਾਫੀਆ ਵੱਲੋਂ ਰੋਕ ਕੇ ਗੁੰਡਾਗਰਦੀ ਵੀ ਕੀਤੀ ਗਈ। ਇਸ ਮੌਕੇ 'ਤੇ ਪੁੱਜੇ ਥਾਣਾ ਕੇਂਟ ਦੇ ਐੱਸਐੱਚਓ ਇੰਸਪੈਕਟਰ ਅਜੈਬ ਸਿੰਘ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ। ਉਨ੍ਹਾਂ ਦੇਰ ਰਾਤ ਬੱਸ ਦੇ ਡਰਾਈਵਰ ਰਕੇਸ਼ ਕੁਮਾਰ ਪੁੱਤਰ ਗਣੇਸ਼ ਲਾਲ ਵਾਸੀ ਜ਼ਿਲ੍ਹਾ ਰੇਵਾੜੀ, ਹਰਿਆਣਾ ਅਤੇ ਬੱਸ ਕੰਡੇਕਟਰ ਚੰਦਨ ਕੁਮਾਰ ਪ੍ਰਜਾਪਤੀ ਵਾਸੀ ਜ਼ਿਲ੍ਹਾ ਵਾਰਾਨਸੀ, ਉੱਤਰ ਪ੍ਰਦੇਸ਼ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਬੱਸ ਨੂੰ ਕਬਜ਼ੇ 'ਚ ਲੈ ਲਿਆ ਗਿਆ।

ਬੱਸ ਤੋਂ ਉਤਾਰੇ ਪਰਵਾਸੀ ਮਜ਼ਦੂਰਾਂ ਨੇ ਦੱਸੀ ਆਪਬੀਤੀ

ਇਸ ਸਾਰੇ ਮਸਲੇ 'ਚ ਜਦੋਂ ਅਸੀਂ ਬੱਸ 'ਚੋਂ ਉਤਾਰੇ ਗਏ ਪਰਵਾਸੀ ਮਜ਼ਦੂਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣਾ ਦਰਦ ਬਿਆਨ ਕਰਦੇ ਹੋਏ ਦੱਸਿਆ ਕਿ ਲਾਕਡਾਊਨ ਕਾਰਨ ਉਹ ਸਾਰੇ ਆਪਣੇ ਘਰ ਬਿਹਾਰ ਜਾਣ ਨੂੰ ਨਿਕਲੇ ਸਨ ਅਤੇ ਬੱਸ ਵਾਲਿਆਂ ਨੇ ਉਨ੍ਹਾਂ ਕੋਲੋਂ 2000 ਤੋਂ 2500 ਤਕ ਕਿਰਾਇਆ ਵਸੂਲ ਕੀਤਾ ਸੀ। ਕੁਝ ਸਵਾਰੀਆਂ ਹੁਸ਼ਿਆਰਪੁਰ ਤੋਂ ਆਈਆਂ ਸਨ। ਉਨ੍ਹਾਂ ਦੱਸਿਆ ਕਿ ਕਿਰਾਇਆ ਵਸੂਲਣ ਤੋਂ ਬਾਅਦ ਉਨ੍ਹਾਂ ਨਾਲ ਮਾਰਕੁੱਟ ਅਤੇ ਗਾਲੀ ਗਲੋਚ ਕਰ ਕੇ ਇਕ ਸੀਟ 'ਤੇ ਜਬਰਨ ਪੰਜ ਬੰਦਿਆਂ ਨੂੰ ਬੈਠਣ ਲਈ ਮਜਬੂਰ ਕੀਤਾ। ਬੱਸ ਤੋਂ ਉਤਰਨ ਤੋਂ ਬਾਅਦ ਇਨ੍ਹਾਂ ਲਾਚਾਰ ਪਰਵਾਸੀਆਂ ਨੂੰ ਇਨ੍ਹਾਂ ਵੱਲੋਂ ਦਿੱਤਾ ਕਿਰਾਇਆ ਵੀ ਨਹੀਂ ਮੋੜਿਆ ਗਿਆ। ਸਾਰੇ ਡਰ ਦੇ ਮਾਰੇ ਪੈਦਲ ਹੀ ਉਥੋਂ ਨਿਕਲ ਗਏ। ਸਵੇਰ ਹੋਣ 'ਤੇ ਜਦੋਂ ਇਕ ਪੱਤਰਕਾਰ ਨੇ ਫੋਨ ਕਰ ਕੇ ਇਨ੍ਹਾਂ ਦਾ ਹਾਲ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਜਵਾਬ ਮਿਲਿਆ ਕਿ ਉਹ ਪੈਦਲ ਰਾਤ ਭਰ ਚਲ ਕੇ ਲੁਧਿਆਣੇ ਤਕ ਪੁੱਜ ਗਏ ਅਤੇ ਸਾਰੇ ਆਪਣੇ-ਆਪਣੇ ਤਰੀਕੇ ਨਾਲ ਵੱਖ-ਵੱਖ ਹੋ ਕੇ ਨਿਕਲ ਗਏ। ਇਸ ਸਾਰੇ ਮਸਲੇ 'ਚ ਬੱਸ ਮਾਫੀਆ ਦੀ ਗੁੰਡਾਗਰਦੀ ਸਾਹਮਣੇ ਆਈ ਕਿ ਕਿਵੇਂ ਇਹ ਬੱਸ ਆਪਰੇਟਰ ਭੋਲੇ-ਭਾਲੇ ਲੋਕਾਂ ਨੂੰ ਲੁੱਟ ਕੇ ਤੇ ਡਰਾ ਕੇ ਆਪਣੀਆਂ ਜੇਬਾਂ ਭਰਦੇ ਹਨ। ਦੂਜੇ ਪਾਸੇ ਇਨ੍ਹਾਂ ਉਪਰ ਨਿਗਰਾਨੀ ਲਈ ਰੱਖਿਆ ਗਿਆ ਸਰਕਾਰੀ ਟਰਾਂਸਪੋਰਟ ਵਿਭਾਗ ਅੱਖਾਂ ਬੰਦ ਕੀਤੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।