ਪੰਜਾਬੀ ਜਾਗਰਣ ਕੇਂਦਰ, ਜਲੰਧਰ : ਮੰਗਲਵਾਰ ਦੇਰ ਰਾਤ ਭਾਰਗੋ ਕੈਂਪ 'ਚ ਕੁਝ ਮੋਟਰਸਾਈਕਲ ਸਵਾਰ ਸ਼ਰਾਰਤੀ ਤੱਤਾਂ ਨੇ ਇਲਾਕੇ 'ਚ ਖੜ੍ਹੀਆਂ ਦਰਜਨ ਦੇ ਕਰੀਬ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਹੁੱਲੜਬਾਜ਼ੀ ਕੀਤੀ। ਸਾਰੀ ਘਟਨਾ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਭਾਰਗੋ ਕੈਂਪ ਨਿਵਾਸੀ ਅਮਨਦੀਪ ਨੇ ਦੱਸਿਆ ਕਿ ਦੇਰ ਰਾਤ ਇਕ ਤੋਂ ਡੇਢ ਵਜੇ ਦੇ ਕਰੀਬ ਸੱਤ ਤੋਂ ਅੱਠ ਮੋਟਰਸਾਈਕਲਾਂ 'ਤੇ ਸਵਾਰ ਕੁਝ ਨੌਜਵਾਨ ਆਏ ਤੇ ਇਲਾਕੇ 'ਚ ਖੜ੍ਹੀਆਂ ਗੱਡੀਆਂ ਦੀ ਭੰਨ-ਤੋੜ ਸ਼ੁਰੂ ਕਰ ਦਿੱਤੀ। ਇਲਾਕੇ ਦੇ ਲੋਕ ਘਰੋਂ 'ਚ ਬਾਹਰ ਨਹੀਂ ਨਿਕਲੇ। ਜਿਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਭਾਰਗੋ ਕੈਂਪ ਨਿਵਾਸੀ ਸੁਮੇਸ਼ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਭੰਨ-ਤੋੜ ਦੀਆਂ ਆਵਾਜ਼ਾਂ ਆਉਣ ਲੱਗੀਆਂ। ਜਦੋਂ ਬਾਹਰ ਆ ਕੇ ਦੇਖਿਆ ਤਾਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਹੋਏ ਸਨ। ਭਾਰਗੋ ਕੈਂਪ ਨਿਵਾਸੀ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਭੰਨ-ਤੋੜ ਦੀ ਆਵਾਜ਼ ਸੁਣ ਕੇ ਬਾਹਰ ਆ ਕੇ ਦੇਖਿਆ ਤਾਂ ਨੌਜਵਾਨ ਜਾ ਚੁੱਕੇ ਸਨ ਪਰ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਸੀਸੀਟੀਵੀ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਤੇਜ਼ਧਾਰ ਹਥਿਆਰਾਂ ਤੇ ਬੇਸਬੈਟ ਨਾਲ ਸ਼ਰਾਰਤੀ ਤੱਤਾਂ ਨੇ ਗੱਡੀਆਂ ਦੇ ਸ਼ੀਸ਼ੇ ਤੋੜੇ। ਮੌਕੇ 'ਤੇ ਪੁੱਜੇ ਥਾਣਾ ਭਾਰਗੋ ਕੈਂਪ ਦੇ ਡਿਊਟੀ ਅਫਸਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਦੇਰ ਰਾਤ ਫੋਨ ਆਇਆ ਕਿ ਕਿਸ਼ੋਰੀ ਮੁਹੱਲਾ ਭਾਰਗੋ ਕੈਂਪ 'ਚ ਕੁਝ ਗੱਡੀਆਂ ਦੇ ਸ਼ੀਸ਼ੇ ਤੋੜੇ ਗਏ ਹਨ। ਮੌਕੇ 'ਤੇ ਪੁੱਜ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਲਈ ਹੈ ਤੇ ਮਾਮਲੇ ਦੀ ਜਾਂਚ ਕਰ ਰਹੇ ਹਨ।